ਲੋਪੋਕੇ :- ਥਾਣਾ ਲੋਪੋਕੇ ਦੇ ਅਧੀਨ ਪੈਂਦੇ ਪਿੰਡ ਪ੍ਰੀਤ ਨਗਰ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਦੰਪਤੀ ਨੂੰ ਟੱਕਰ ਮਾਰ ਕੇ ਮੌਤ ਦੇ ਮੂੰਹ ’ਚ ਧੱਕ ਦਿੱਤਾ। ਹਾਦਸੇ ’ਚ ਫਤਿਹ ਸਿੰਘ (45) ਅਤੇ ਉਸ ਦੀ ਪਤਨੀ ਬਲਜੀਤ ਕੌਰ ਦੀ ਮੌਕੇ ’ਤੇ ਹੀ ਜਾਨ ਚਲੀ ਗਈ।
ਸਹੁਰੇ ਪਿੰਡ ਤੋਂ ਵਾਪਸੀ ਦੌਰਾਨ ਵਾਪਰਿਆ ਹਾਦਸਾ
ਮ੍ਰਿਤਕ ਦੇ ਭਤੀਜੇ ਲਾਭ ਸਿੰਘ ਮੁਤਾਬਕ ਫਤਿਹ ਸਿੰਘ ਆਪਣੀ ਪਤਨੀ ਨਾਲ ਭੀਲੋਵਾਲ ਕੱਚਾ ਸਥਿਤ ਸਹੁਰੇ ਪਿੰਡ ਤੋਂ ਲੋਪੋਕੇ ਵੱਲ ਮੋਟਰਸਾਈਕਲ ਰਾਹੀਂ ਆ ਰਹੇ ਸਨ। ਜਿਵੇਂ ਹੀ ਉਹ ਪ੍ਰੀਤ ਨਗਰ ਦੇ ਨੇੜੇ ਪਹੁੰਚੇ, ਸਾਹਮਣੇ ਤੋਂ ਗਲਤ ਪਾਸੇ ਆ ਰਹੀ ਸਵਿਫ਼ਟ ਕਾਰ ਨੇ ਉਨ੍ਹਾਂ ਨੂੰ ਭਿਆਨਕ ਟੱਕਰ ਮਾਰ ਦਿੱਤੀ।
ਟੱਕਰ ਮਗਰੋਂ ਕਾਫੀ ਦੂਰ ਤੱਕ ਘਸੀਟਿਆ
ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਸਵਾਰੀਆਂ ਕਾਰ ਨਾਲ ਘਸੀਟਦੀਆਂ ਕਾਫੀ ਦੂਰ ਤੱਕ ਲੈ ਜਾਈਆਂ ਗਈਆਂ। ਗੰਭੀਰ ਚੋਟਾਂ ਕਾਰਨ ਦੰਪਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਨਾਲ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ।
ਕਾਰ ਸਵਾਰ ਫ਼ਰਾਰ, ਪੁਲਸ ਨੇ ਜਾਂਚ ਸ਼ੁਰੂ ਕੀਤੀ
ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਣ ’ਤੇ ਥਾਣਾ ਲੋਪੋਕੇ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਦੋਵੇਂ ਲਾਸ਼ਾਂ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਪੁਲਸ ਨੇ ਕਾਰ ਨੰਬਰ ਐੱਚ.ਆਰ. 10 ਡਬਲਯੂ. 4154 ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

