ਚੰਡੀਗੜ੍ਹ :- ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੇ ਆਪਣੀ 258ਵੀਂ ਖਾਸ ਮੀਟਿੰਗ ਲਈ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਇਹ ਮੀਟਿੰਗ 31 ਅਕਤੂਬਰ ਨੂੰ ਸੈਕਟਰ 19-ਬੀ ਸਥਿਤ ਭਾਖੜਾ ਬਿਆਸ ਭਵਨ ਵਿੱਚ ਹੋਣੀ ਨਿਰਧਾਰਤ ਹੈ। ਬੋਰਡ ਵੱਲੋਂ ਚੰਡੀਗੜ੍ਹ ਪੁਲਿਸ ਦੇ SSP ਨੂੰ ਪੱਤਰ ਭੇਜ ਕੇ ਪੂਰੀ ਸੁਰੱਖਿਆ ਯੋਜਨਾ ਤਿਆਰ ਕਰਨ ਅਤੇ ਮੀਟਿੰਗ ਦੌਰਾਨ ਹਰ ਸੰਭਾਵੀ ਸੁਰੱਖਿਆ ਖਤਰੇ ’ਤੇ ਨਿਗਰਾਨੀ ਰੱਖਣ ਦੀ ਅਪੀਲ ਕੀਤੀ ਗਈ ਹੈ।
ਉੱਚ ਅਧਿਕਾਰੀ ਮੀਟਿੰਗ ਵਿੱਚ ਹੋਣਗੇ ਸ਼ਾਮਲ
ਸਰੋਤਾਂ ਮੁਤਾਬਕ, ਇਸ ਖਾਸ ਮੀਟਿੰਗ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਸਿੰਚਾਈ ਅਤੇ ਬਿਜਲੀ ਵਿਭਾਗਾਂ ਦੇ ਪ੍ਰਿੰਸੀਪਲ ਸਕੱਤਰ ਹਾਜ਼ਰ ਰਹਿਣਗੇ। ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਰੈਂਕ ਦੇ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਿਰਕਤ ਕਰਨਗੇ। ਮੀਟਿੰਗ ਵਿੱਚ ਪਾਣੀ ਵੰਡ, ਬਿਜਲੀ ਉਤਪਾਦਨ ਅਤੇ ਸੰਬੰਧਤ ਤਕਨੀਕੀ ਮੁੱਦਿਆਂ ’ਤੇ ਵਿਚਾਰ-ਵਿਮਰਸ਼ ਹੋਣ ਦੀ ਸੰਭਾਵਨਾ ਹੈ।
ਸੁਰੱਖਿਆ ਯੋਜਨਾ ’ਚ ਖ਼ਾਸ ਤਿਆਰੀਆਂ ਸ਼ਾਮਲ
BBMB ਨੇ ਆਪਣੇ ਪੱਤਰ ਵਿੱਚ ਪੁਲਿਸ ਤੋਂ ਮੰਗ ਕੀਤੀ ਹੈ ਕਿ ਭਾਖੜਾ ਬਿਆਸ ਭਵਨ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਕੜਾ ਕੀਤਾ ਜਾਵੇ। ਸੁਰੱਖਿਆ ਪ੍ਰਬੰਧਾਂ ਤਹਿਤ ਇਮਾਰਤ ਦੀ ਪੂਰੀ ਚੈਕਿੰਗ, ਸਨਿਫਰ ਡੌਗਜ਼ ਦੀ ਤਾਇਨਾਤੀ, ਅਤੇ ਐਕਸਪਲੋਸਿਵ ਡਿਟੈਕਸ਼ਨ ਡਿਵਾਈਸਾਂ ਨਾਲ ਮੀਟਿੰਗ ਹਾਲ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਤੋਂ ਇਲਾਵਾ, ਦਫ਼ਤਰ ਦੇ ਮੁੱਖ ਗੇਟ ਤੇ ਸਸੱਤਰ ਸੁਰੱਖਿਆ ਕਰਮਚਾਰੀ ਅਤੇ ਟ੍ਰੈਫ਼ਿਕ ਕਾਂਸਟੇਬਲਾਂ ਦੀ ਤਾਇਨਾਤੀ ਦਾ ਪ੍ਰਸਤਾਵ ਵੀ ਦਿੱਤਾ ਗਿਆ ਹੈ, ਤਾਂ ਜੋ ਕਿਸੇ ਵੀ ਅਣਅਧਿਕਾਰਤ ਵਾਹਨ ਦੀ ਪਾਰਕਿੰਗ ਜਾਂ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।
ਸੁਰੱਖਿਆ ਏਜੰਸੀਆਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ
ਚੰਡੀਗੜ੍ਹ ਪੁਲਿਸ ਨੇ ਮੀਟਿੰਗ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਨੂੰ ਸਾਵਧਾਨ ਰਹਿਣ ਦੇ ਹੁਕਮ ਜਾਰੀ ਕੀਤੇ ਹਨ। ਉੱਚ ਅਧਿਕਾਰੀਆਂ ਦੀ ਹਾਜ਼ਰੀ ਦੇ ਕਾਰਨ ਇਲਾਕੇ ਵਿੱਚ ਆਵਾਜਾਈ ’ਤੇ ਵੀ ਨਜ਼ਰ ਰੱਖੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਮੀਟਿੰਗ ਦੌਰਾਨ ਕਿਸੇ ਵੀ ਸ਼ੱਕੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਸਖ਼ਤ ਰਹਿਣਗੇ।

