ਨਵੀਂ ਦਿੱਲੀ :- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੈਸਟਇੰਡੀਜ਼ ਖ਼ਿਲਾਫ਼ ਆਉਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਮਾਨ ਸ਼ੁਭਮਨ ਗਿੱਲ ਦੇ ਹੱਥਾਂ ਵਿੱਚ ਰਹੇਗੀ, ਜਦੋਂ ਕਿ ਆਲਰਾਉਂਡਰ ਰਵਿੰਦਰ ਜਡੇਜਾ ਨੂੰ ਉਪ-ਕਪਤਾਨੀ ਸੌਂਪੀ ਗਈ ਹੈ।
ਕਿਹੜੇ ਖਿਡਾਰੀ ਬਾਹਰ, ਕਿਹੜੇ ਵਾਪਸ?
ਇਸ ਵਾਰ ਟੀਮ ਚੋਣ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਕਰੁਣ ਨਾਇਰ ਅਤੇ ਅਭਿਮਨਿਊ ਈਸ਼ਵਰਨ, ਜੋ ਇੰਗਲੈਂਡ ਦੌਰੇ ਲਈ ਸਕਵਾਡ ਦਾ ਹਿੱਸਾ ਸਨ, ਨੂੰ ਡ੍ਰਾਪ ਕਰ ਦਿੱਤਾ ਗਿਆ ਹੈ। ਸਰਫਰਾਜ਼ ਖਾਨ ਨੂੰ ਇੱਕ ਵਾਰ ਫਿਰ ਮੌਕਾ ਨਹੀਂ ਮਿਲਿਆ।
ਜ਼ਖ਼ਮੀ ਰਿਸ਼ਭ ਪੰਤ ਫਿੱਟ ਨਾ ਹੋਣ ਕਾਰਨ ਟੀਮ ਤੋਂ ਬਾਹਰ ਰਹੇਗਾ ਅਤੇ ਧਰੁਵ ਜੁਰੇਲ ਨੂੰ ਪਹਿਲੀ ਚੋਣ ਦੇ ਤੌਰ ‘ਤੇ ਵਿਕਟਕੀਪਰ ਦੀ ਜ਼ਿੰਮੇਵਾਰੀ ਮਿਲੇਗੀ।
ਇਸਦੇ ਨਾਲ ਹੀ ਨਿਤੀਸ਼ ਰੈੱਡੀ ਅਤੇ ਦੇਵਦੱਤ ਪਡਿੱਕਲ ਦੀ ਟੀਮ ਵਿੱਚ ਵਾਪਸੀ ਹੋਈ ਹੈ।
ਦੇਵਦੱਤ ਪਡਿੱਕਲ ਦੀ ਸ਼ਾਨਦਾਰ ਵਾਪਸੀ
ਹਾਲ ਹੀ ਵਿੱਚ ਲਖਨਊ ਵਿੱਚ ਆਸਟ੍ਰੇਲੀਆ ਏ ਵਿਰੁੱਧ 150 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਦੇਵਦੱਤ ਪਡਿੱਕਲ ਨੂੰ ਚੋਣਕਾਰਾਂ ਨੇ ਮੁੜ ਟੈਸਟ ਟੀਮ ਵਿੱਚ ਸ਼ਾਮਲ ਕਰ ਲਿਆ ਹੈ। ਖੱਬੇ ਹੱਥ ਦਾ ਇਹ ਬੱਲੇਬਾਜ਼ ਇਸ ਤੋਂ ਪਹਿਲਾਂ ਬਾਰਡਰ-ਗਾਵਸਕਰ ਟਰਾਫੀ ਵਿੱਚ ਵੀ ਟੀਮ ਦਾ ਹਿੱਸਾ ਰਹਿ ਚੁੱਕਾ ਹੈ।
ਰਿਸ਼ਭ ਪੰਤ ਅਜੇ ਵੀ ਰਿਹੈਬ ‘ਚ
ਓਲਡ ਟ੍ਰੈਫੋਰਡ ਟੈਸਟ ਦੌਰਾਨ ਪੈਰ ਦਾ ਅੰਗੂਠਾ ਟੁੱਟਣ ਕਾਰਨ ਰਿਸ਼ਭ ਪੰਤ ਪੂਰੀ ਤਰ੍ਹਾਂ ਫਿੱਟ ਨਹੀਂ ਹੋ ਸਕਿਆ। ਇਸ ਵੇਲੇ ਉਹ ਬੈਂਗਲੁਰੂ ਦੇ ਸੈਂਟਰ ਆਫ਼ ਐਕਸੀਲੈਂਸ ਵਿੱਚ ਰਿਹੈਬਿਲੀਟੇਸ਼ਨ ਕਰ ਰਿਹਾ ਹੈ। ਉਸਦੀ ਗੈਰਹਾਜ਼ਰੀ ਵਿੱਚ ਧਰੁਵ ਜੁਰੇਲ ਨੂੰ ਮੁੱਖ ਵਿਕਟਕੀਪਰ ਚੁਣਿਆ ਗਿਆ ਹੈ।
ਟੈਸਟ ਮੈਚਾਂ ਦਾ ਕਾਰਜਕ੍ਰਮ
ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੈਸਟ ਸੀਰੀਜ਼ ਦਾ ਪਹਿਲਾ ਮੈਚ 2 ਤੋਂ 6 ਅਕਤੂਬਰ ਤੱਕ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੂਜਾ ਟੈਸਟ 10 ਤੋਂ 14 ਅਕਤੂਬਰ ਤੱਕ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਹੋਵੇਗਾ।
ਭਾਰਤ ਦੀ 15 ਮੈਂਬਰੀ ਟੀਮ
ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਦੇਵਦੱਤ ਪਡਿੱਕਲ, ਧਰੁਵ ਜੁਰੇਲ, ਰਵਿੰਦਰ ਜਡੇਜਾ (ਉਪ-ਕਪਤਾਨ), ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ, ਨਿਤੀਸ਼ ਰੈੱਡੀ, ਐਨ ਜਗਦੀਸਨ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਕੁਲਦੀਪ ਯਾਦਵ।