ਨਵੀਂ ਦਿੱਲੀ :- ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਦੀ ਸਿਹਤ ਬਾਰੇ ਇਕ ਵਧੀਕ ਅਪਡੇਟ ਸਾਹਮਣੇ ਆਈ ਹੈ। ਭਰੋਸੇਯੋਗ ਸੂਤਰਾਂ ਮੁਤਾਬਕ, ਅਈਅਰ ਨੇ ਹਾਲ ਹੀ ਵਿੱਚ ਸਪਲੀਨ ਸੰਬੰਧੀ ਸਰਜਰੀ ਕਰਵਾਈ ਸੀ, ਜੋ ਪੂਰੀ ਤਰ੍ਹਾਂ ਸਫ਼ਲ ਰਹੀ ਹੈ। ਉਹ ਹੁਣ ਆਈਸੀਯੂ ਤੋਂ ਬਾਹਰ ਹਨ ਅਤੇ ਸਰੀਰਕ ਤੌਰ ‘ਤੇ ਸਥਿਰ ਹਨ।
ਆਸਟ੍ਰੇਲੀਆ ਵਿਰੁੱਧ ਆਖਰੀ ਵਨਡੇ ਦੌਰਾਨ ਲੱਗੀ ਸੀ ਚੋਟ
ਜਾਣਕਾਰੀ ਅਨੁਸਾਰ, ਈਅਰ ਨੂੰ ਆਸਟ੍ਰੇਲੀਆ ਦੇ ਖ਼ਿਲਾਫ ਤੀਸਰੇ ਅਤੇ ਆਖਰੀ ਵਨਡੇ ਮੈਚ ਦੌਰਾਨ ਕੈਚ ਲੈਂਦਿਆਂ ਡਾਈਵ ਕਰਨ ਸਮੇਂ ਅਸਧਾਰਨ ਢੰਗ ਨਾਲ ਡਿੱਗ ਜਾਣ ਕਾਰਨ ਚੋਟ ਲੱਗੀ ਸੀ। ਇਸ ਗਿਰਾਵਟ ਤੋਂ ਬਾਅਦ ਸਪਲੀਨ ‘ਚ ਨੁਕਸਾਨ ਹੋਇਆ, ਜਿਸ ਲਈ ਤੁਰੰਤ ਸਰਜਰੀ ਲਾਜ਼ਮੀ ਹੋ ਗਈ ਸੀ।
ਡਾਕਟਰੀ ਨਿਗਰਾਨੀ ‘ਚ, ਕੁਝ ਹੋਰ ਦਿਨ ਆਰਾਮ ਦੀ ਸਲਾਹ
ਡਾਕਟਰਾਂ ਨੇ ਈਅਰ ਨੂੰ ਘੱਟੋ-ਘੱਟ ਪੰਜ ਤੋਂ ਸੱਤ ਦਿਨ ਤੱਕ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਤੇ ਆਸਟ੍ਰੇਲੀਆ ‘ਚ ਟੀਮ ਮੈਨੇਜਮੈਂਟ ਡਾ. ਰਿਜ਼ਵਾਨ ਖਾਨ ਰਾਹੀਂ ਉਸਦੀ ਸਿਹਤ ‘ਤੇ ਲਗਾਤਾਰ ਨਿਗਰਾਨੀ ਕਰ ਰਹੇ ਹਨ। ਬੀਸੀਸੀਆਈ ਵੱਲੋਂ ਈਅਰ ਦੇ ਪਰਿਵਾਰਿਕ ਮੈਂਬਰ ਨੂੰ ਸਿਡਨੀ ਭੇਜਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।
ਦੋਸਤਾਂ ਨਾਲ ਗੱਲਬਾਤ, ਘਰੇਲੂ ਖਾਣਾ ਖਾਣ ਲੱਗ ਪਿਆ
ਸਿਹਤ ਵਿੱਚ ਸੁਧਾਰ ਦੇ ਬਾਅਦ ਈਅਰ ਹੁਣ ਫ਼ੋਨ ‘ਤੇ ਗੱਲਬਾਤ ਕਰ ਰਹੇ ਹਨ ਅਤੇ ਸਥਾਨੀ ਦੋਸਤਾਂ ਵੱਲੋਂ ਭੇਜੇ ਘਰੇਲੂ ਖਾਣੇ ਦਾ ਸੇਵਨ ਵੀ ਕਰ ਰਹੇ ਹਨ।
ਟੀਮ ਇੰਡੀਆ ਦੇ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੇ ਵੀ ਆਈਅਰ ਨਾਲ ਹੋਈ ਗੱਲਬਾਤ ਬਾਰੇ ਦੱਸਦਿਆਂ ਕਿਹਾ ਕਿ ਉਹ “ਬਿਲਕੁਲ ਠੀਕ ਹਨ ਅਤੇ ਸਧਾਰਣ ਢੰਗ ਨਾਲ ਰਿਕਵਰ ਕਰ ਰਹੇ ਹਨ।”

