ਨਵੀਂ ਦਿੱਲੀ :- ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਏਸ਼ੀਆ ਕੱਪ 2025 ਦੇ ਰੋਮਾਂਚਕ ਫਾਈਨਲ ਵਿੱਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਪਛਾੜ ਕੇ ਨਵੀਂ ਇਤਿਹਾਸਕ ਕਾਮਯਾਬੀ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਨੇ ਰਿਕਾਰਡ ਤੌਰ ‘ਤੇ ਨੌਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ।
ਪਾਕਿਸਤਾਨ ਦੀ ਬੱਲੇਬਾਜ਼ੀ ਲਾਈਨ-ਅੱਪ ਢਹਿ ਗਈ
ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਗੇਂਦਬਾਜ਼ਾਂ ਦੇ ਤਿੱਖੇ ਹਮਲੇ ਅੱਗੇ ਘੁੱਟਣੇ ਟੇਕ ਦਿੱਤੇ। ਪੂਰੀ ਟੀਮ ਸਿਰਫ਼ 19.1 ਓਵਰਾਂ ਵਿੱਚ 146 ਦੌੜਾਂ ‘ਤੇ ਹੀ ਸਮੇਟ ਲਈ ਗਈ।
ਕੁਲਦੀਪ ਯਾਦਵ ਦੀ ਘਾਤਕ ਗੇਂਦਬਾਜ਼ੀ
ਭਾਰਤ ਵੱਲੋਂ ਕੁਲਦੀਪ ਯਾਦਵ ਸਭ ਤੋਂ ਕਾਮਯਾਬ ਗੇਂਦਬਾਜ਼ ਸਾਬਤ ਹੋਏ। ਉਸਨੇ ਆਪਣੇ 4 ਓਵਰਾਂ ਵਿੱਚ ਕੇਵਲ 30 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ ਅਤੇ ਵਰੁਣ ਚੱਕਰਵਰਤੀ ਨੇ 2-2 ਵਿਕਟਾਂ ਲੈ ਕੇ ਪਾਕਿਸਤਾਨ ਦੇ ਬੱਲੇਬਾਜ਼ਾਂ ਨੂੰ ਟਿਕਣ ਨਾ ਦਿੱਤਾ।
ਤਿਲਕ ਵਰਮਾ ਨੇ ਸੰਭਾਲੀ ਭਾਰਤੀ ਪਾਰੀ
147 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਸ਼ੁਰੂਆਤ ਵਿੱਚ 20 ਦੌੜਾਂ ‘ਤੇ ਹੀ ਤਿੰਨ ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ। ਅਭਿਸ਼ੇਕ ਸ਼ਰਮਾ (5), ਸੂਰਿਆਕੁਮਾਰ ਯਾਦਵ (1) ਅਤੇ ਸ਼ੁਭਮਨ ਗਿੱਲ (12) ਸਸਤੇ ਵਿੱਚ ਆਊਟ ਹੋ ਗਏ। ਮੁਸ਼ਕਲ ਹਾਲਾਤਾਂ ਵਿੱਚ ਤਿਲਕ ਵਰਮਾ ਨੇ 53 ਗੇਂਦਾਂ ‘ਤੇ ਨਾਬਾਦ 69 ਦੌੜਾਂ ਬਣਾਕੇ ਟੀਮ ਨੂੰ ਮਜ਼ਬੂਤੀ ਦਿੱਤੀ।
ਉਸਨੇ ਪਹਿਲਾਂ ਸੰਜੂ ਸੈਮਸਨ (24) ਨਾਲ ਚੌਥੀ ਵਿਕਟ ਲਈ 57 ਦੌੜਾਂ ਜੋੜੀਆਂ ਅਤੇ ਫਿਰ ਸ਼ਿਵਮ ਦੂਬੇ (33 ਦੌੜਾਂ, 22 ਗੇਂਦਾਂ) ਨਾਲ 60 ਦੌੜਾਂ ਦੀ ਮਹੱਤਵਪੂਰਨ ਭਾਗੀਦਾਰੀ ਕਰਕੇ ਜਿੱਤ ਦਾ ਰਾਹ ਸਾਫ਼ ਕੀਤਾ। ਆਖਰੀ ਓਵਰ ਵਿੱਚ ਰਿੰਕੂ ਸਿੰਘ ਨੇ ਜੇਤੂ ਦੌੜ ਬਣਾਈ ਅਤੇ ਭਾਰਤ ਨੇ ਮੈਚ ਆਪਣੇ ਨਾਮ ਕਰ ਲਿਆ।
BCCI ਵੱਲੋਂ 21 ਕਰੋੜ ਰੁਪਏ ਦਾ ਇਨਾਮ
ਇਤਿਹਾਸਕ ਫਤਿਹ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਖਿਡਾਰੀਆਂ ਅਤੇ ਸਹਾਇਕ ਸਟਾਫ ਲਈ ਕੁੱਲ ₹21 ਕਰੋੜ ਦੀ ਇਨਾਮੀ ਰਕਮ ਦਾ ਐਲਾਨ ਕੀਤਾ। ਬੀਸੀਸੀਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ “3 ਹਮਲੇ, 0 ਜਵਾਬ” ਲਿਖ ਕੇ ਟੀਮ ਨੂੰ ਵਧਾਈ ਦਿੱਤੀ, ਜੋ ਫੈਨਜ਼ ਵਿੱਚ ਵਾਇਰਲ ਹੋ ਗਿਆ।
ਟੂਰਨਾਮੈਂਟ ਦੇ ਸਿਤਾਰੇ ਖਿਡਾਰੀ
ਅਭਿਸ਼ੇਕ ਸ਼ਰਮਾ: ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਮੈਚਾਂ ਵਿੱਚ 314 ਦੌੜਾਂ ਬਣਾਈਆਂ, ਜਿਸ ਵਿੱਚ 32 ਚੌਕੇ ਅਤੇ 19 ਛੱਕੇ ਸ਼ਾਮਲ ਰਹੇ। ਉਸਨੇ ਸੁਪਰ-4 ਪੜਾਅ ਵਿੱਚ ਲਗਾਤਾਰ 3 ਅਰਧ ਸੈਂਕੜੇ ਵੀ ਲਗਾਏ।
ਕੁਲਦੀਪ ਯਾਦਵ: ਫਾਈਨਲ ਵਿੱਚ 4 ਵਿਕਟਾਂ ਸਮੇਤ ਪੂਰੇ ਟੂਰਨਾਮੈਂਟ ਵਿੱਚ 17 ਵਿਕਟਾਂ ਲਈਆਂ। ਉਸਨੇ ਲਸਿਥ ਮਲਿੰਗਾ ਦਾ ਰਿਕਾਰਡ ਤੋੜਦੇ ਹੋਏ ਏਸ਼ੀਆ ਕੱਪ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣਨ ਦਾ ਮਾਣ ਹਾਸਲ ਕੀਤਾ ਅਤੇ ਇੱਕ ਐਡੀਸ਼ਨ ਵਿੱਚ ਸਭ ਤੋਂ ਵੱਧ ਵਿਕਟਾਂ (17) ਲੈਣ ਵਾਲੇ ਅਜੰਤਾ ਮੈਂਡਿਸ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ।
ਭਾਰਤ ਦੀ ਜਿੱਤ ਨਾਲ ਲਿਖਿਆ ਨਵਾਂ ਇਤਿਹਾਸ
ਟੀਮ ਇੰਡੀਆ ਦੀ ਇਹ ਫਤਿਹ ਨਾ ਸਿਰਫ਼ ਏਸ਼ੀਆ ਕੱਪ ਦੇ ਇਤਿਹਾਸ ਵਿੱਚ ਨਵਾਂ ਸੋਨਿਆਂ ਅਧਿਆਇ ਜੋੜਦੀ ਹੈ, ਸਗੋਂ ਨੌਵੀਂ ਵਾਰ ਖਿਤਾਬ ਜਿੱਤ ਕੇ ਟੀਮ ਨੇ ਆਪਣੀ ਸ਼ਾਨਦਾਰ ਦਬਦਬੇਦਾਰੀ ਵੀ ਸਾਬਤ ਕਰ ਦਿੱਤੀ।