ਨਵੀਂ ਦਿੱਲੀ :- ਭਾਰਤ ਨੇ 28 ਸਤੰਬਰ ਨੂੰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਸੀ, ਪਰ 34 ਦਿਨ ਬੀਤ ਜਾਣ ਬਾਵਜੂਦ ਵੀ ਟੀਮ ਇੰਡੀਆ ਨੂੰ ਟਰਾਫੀ ਅਜੇ ਤੱਕ ਨਹੀਂ ਮਿਲੀ। ਬੀਸੀਸੀਆਈ (BCCI) ਨੇ ਏਸੀਸੀ ਮੁਖੀ ਮੋਹਸਿਨ ਨਕਵੀ ਤੋਂ ਇਹ ਟਰਾਫੀ ਨਾ ਲੈਣ ਦਾ ਫੈਸਲਾ ਕੀਤਾ ਹੈ। ਮੋਹਸਿਨ ਨਕਵੀ ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਹਨ।
ਟਰਾਫੀ ਨਾ ਦੇਣ ਦਾ ਮੁੱਦਾ ਹੁਣ ਆਈਸੀਸੀ ਮੀਟਿੰਗ ਤੱਕ ਪਹੁੰਚਿਆ
4 ਨਵੰਬਰ ਤੋਂ ਦੁਬਈ ਵਿੱਚ ਸ਼ੁਰੂ ਹੋਣ ਵਾਲੀ ਆਈਸੀਸੀ ਮੀਟਿੰਗ ਦੌਰਾਨ ਭਾਰਤ ਵੱਲੋਂ ਇਹ ਵਿਵਾਦ ਉਠਾਇਆ ਜਾਵੇਗਾ। ਬੀਸੀਸੀਆਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਟਰਾਫੀ ਉਨ੍ਹਾਂ ਨੂੰ ਮਿਲਣੀ ਹੀ ਚਾਹੀਦੀ ਹੈ ਕਿਉਂਕਿ ਭਾਰਤ ਨੇ ਜਿੱਤੀ ਹੈ, ਪਰ ਉਹ ਨਕਵੀ ਦੇ ਹੱਥਾਂ ਤੋਂ ਇਸਨੂੰ ਸਵੀਕਾਰ ਨਹੀਂ ਕਰਨਗੇ।
ਬੀਸੀਸੀਆਈ ਦਾ ਸਖ਼ਤ ਰੁਖ਼
ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਕਿ ਬੋਰਡ ਨੇ ਏਸੀਸੀ ਨਾਲ ਸੰਪਰਕ ਕਰਕੇ 10 ਦਿਨ ਪਹਿਲਾਂ ਪੱਤਰ ਭੇਜਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ, “ਸਾਡਾ ਸਟੈਂਡ ਸਾਫ਼ ਹੈ — ਟਰਾਫੀ ਆਉਣੀ ਚਾਹੀਦੀ ਹੈ, ਪਰ ਅਸੀਂ ਮੋਹਸਿਨ ਨਕਵੀ ਤੋਂ ਨਹੀਂ ਲੈ ਰਹੇ। ਜੇਕਰ ਲੈਣੀ ਹੁੰਦੀ, ਤਾਂ ਫਾਈਨਲ ਵਾਲੇ ਦਿਨ ਹੀ ਲੈ ਲੈਂਦੇ।”
ਟਰਾਫੀ ਅਜੇ ਮੋਹਸਿਨ ਨਕਵੀ ਦੇ ਕੋਲ
ਮਿਲੀ ਜਾਣਕਾਰੀ ਮੁਤਾਬਕ, ਜਿੱਤ ਤੋਂ ਬਾਅਦ ਮੋਹਸਿਨ ਨਕਵੀ ਟਰਾਫੀ ਨਾਲ ਦੁਬਈ ਦੇ ਹੋਟਲ ਵਾਪਸ ਆ ਗਏ ਸਨ ਤੇ ਬਾਅਦ ਵਿੱਚ ਇਸਨੂੰ ਏਸੀਸੀ ਦਫ਼ਤਰ ਵਿੱਚ ਰੱਖ ਦਿੱਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਟਰਾਫੀ ਅਬੂਧਾਬੀ ਵਿੱਚ ਮੋਹਸਿਨ ਨਕਵੀ ਦੇ ਕੋਲ ਹੈ।
ਭਾਰਤ ਨੇ ਅੱਤਵਾਦੀ ਹਮਲੇ ਦੇ ਵਿਰੋਧ ’ਚ ਟਰਾਫੀ ਲੈਣ ਤੋਂ ਇਨਕਾਰ ਕੀਤਾ
ਜਾਣਕਾਰੀ ਅਨੁਸਾਰ, ਭਾਰਤੀ ਟੀਮ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ’ਚ ਨਕਵੀ ਦੇ ਹੱਥਾਂ ਤੋਂ ਟਰਾਫੀ ਨਾ ਲੈਣ ਦਾ ਫੈਸਲਾ ਕੀਤਾ ਸੀ। ਇਸ ਮਾਮਲੇ ਤੋਂ ਬਾਅਦ ਮੋਹਸਿਨ ਨਕਵੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੋਈ ਵੀ ਉਸਦੀ ਆਗਿਆ ਤੋਂ ਬਿਨਾਂ ਟਰਾਫੀ ਨੂੰ ਛੂਹ ਨਹੀਂ ਸਕਦਾ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਜੇ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਚਾਹੁੰਦੇ ਹਨ, ਤਾਂ ਉਹ ਖੁਦ ਏਸੀਸੀ ਦਫ਼ਤਰ ਆ ਕੇ ਟਰਾਫੀ ਲੈ ਸਕਦੇ ਹਨ।
ਫੈਨਾਂ ਦੀ ਨਾਰਾਜ਼ਗੀ ਵਧੀ
ਭਾਰਤੀ ਪ੍ਰਸ਼ੰਸਕਾਂ ਵੱਲੋਂ ਇਸ ਮਾਮਲੇ ’ਤੇ ਤਿੱਖੀ ਪ੍ਰਤੀਕ੍ਰਿਆ ਸਾਹਮਣੇ ਆ ਰਹੀ ਹੈ। ਕਈ ਫੈਨਾਂ ਦਾ ਕਹਿਣਾ ਹੈ ਕਿ ਜਦੋਂ ਟੀਮ ਇੰਡੀਆ ਨੇ ਮੈਦਾਨ ਵਿੱਚ ਜਿੱਤ ਦਰਜ ਕੀਤੀ, ਤਾਂ ਟਰਾਫੀ ’ਤੇ ਕਿਸੇ ਹੋਰ ਦਾ ਹੱਕ ਨਹੀਂ ਬਣਦਾ।.

