- ਗੜ੍ਹਸ਼ੰਕਰ :- ਦੁਨੀਆ ਭਰ ਵਿੱਚ ਪੰਜਾਬੀ ਆਪਣੇ ਕਾਮਯਾਬ ਕਾਰਨਾਮਿਆਂ ਨਾਲ ਮਾਣ ਕਮਾ ਰਹੇ ਹਨ। ਹੁਣ ਗੜ੍ਹਸ਼ੰਕਰ ਨਾਲ ਜੁੜੇ ਆਰੀਅਨ ਸ਼ਰਮਾ ਨੇ ਖੇਡ ਮੈਦਾਨ ਵਿੱਚ ਵੱਡੀ ਉਪਲਬਧੀ ਹਾਸਲ ਕਰਕੇ ਪੰਜਾਬ ਦਾ ਨਾਮ ਚਮਕਾਇਆ ਹੈ। 17 ਸਾਲਾ ਆਰੀਅਨ ਦੀ ਚੋਣ ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ਲਈ ਕੀਤੀ ਗਈ ਹੈ, ਜਿਸ ਨਾਲ ਉਹ ਇਹ ਮਾਣ ਹਾਸਲ ਕਰਨ ਵਾਲੇ ਇਕਲੌਤੇ ਪੰਜਾਬੀ ਭਾਰਤੀ ਬਣ ਗਏ ਹਨ।
ਪਰਿਵਾਰ ਆਸਟ੍ਰੇਲੀਆ ਵਿੱਚ ਵੱਸਦਾ, ਮੈਲਬੌਰਨ ‘ਚ ਜਨਮ
ਆਰੀਅਨ ਦੇ ਪਿਤਾ ਰਮਨ ਸ਼ਰਮਾ ਅਤੇ ਮਾਤਾ ਸ਼ਰੂਤੀ ਸ਼ਰਮਾ ਲੰਮੇ ਸਮੇਂ ਤੋਂ ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਰਹਿ ਰਹੇ ਹਨ, ਜਿੱਥੇ ਰਮਨ ਸ਼ਰਮਾ ਆਪਣਾ ਕਾਰੋਬਾਰ ਸੰਭਾਲਦੇ ਹਨ। ਆਰੀਅਨ ਦਾ ਜਨਮ ਵੀ ਮੈਲਬੌਰਨ ਵਿੱਚ ਹੀ ਹੋਇਆ, ਪਰ ਉਸਦੇ ਪਰਿਵਾਰ ਦੀਆਂ ਜੜਾਂ ਗੜ੍ਹਸ਼ੰਕਰ ਨਾਲ ਗਹਿਰੀਆਂ ਜੁੜੀਆਂ ਹਨ।
ਪਿੰਡ ‘ਚ ਖੁਸ਼ੀ ਦਾ ਮਾਹੌਲ, ਲੋਕਾਂ ਵੱਲੋਂ ਵਧਾਈਆਂ
ਆਰੀਅਨ ਦੀ ਇਸ ਵੱਡੀ ਪ੍ਰਾਪਤੀ ਦੀ ਖ਼ਬਰ ਮਿਲਦੇ ਹੀ ਗੜ੍ਹਸ਼ੰਕਰ ਵਿੱਚ ਉਸਦੇ ਦਾਦਾ ਦੇ ਘਰ ਖੁਸ਼ੀ ਦਾ ਮਾਹੌਲ ਬਣ ਗਿਆ। ਪਿੰਡ ਦੇ ਵਾਸੀਆਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਲੋਕ ਇਸਨੂੰ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾਇਕ ਮੰਨ ਰਹੇ ਹਨ।