ਚੰਡੀਗੜ੍ਹ :- ਟੀ-20 ਵਿਸ਼ਵ ਕੱਪ 2026 ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਅੱਜ 20 ਦਸੰਬਰ ਨੂੰ ਹੋਣ ਜਾ ਰਿਹਾ ਹੈ। ਸੂਰਿਆਕੁਮਾਰ ਯਾਦਵ ਦੀ ਅਗਵਾਈ ਹੇਠ ਟੀਮ ਇੰਡੀਆ ਖਿਤਾਬ ਦਾ ਬਚਾਅ ਕਰਨ ਲਈ ਤਿਆਰ ਹੈ। ਇਸ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤ ਅਤੇ ਸ਼੍ਰੀਲੰਕਾ ਸਾਂਝੇ ਤੌਰ ‘ਤੇ ਕਰ ਰਹੇ ਹਨ, ਜਿਸ ਕਾਰਨ ਟੂਰਨਾਮੈਂਟ ਨੂੰ ਲੈ ਕੇ ਦੇਸ਼ ਭਰ ਵਿੱਚ ਖਾਸ ਉਤਸ਼ਾਹ ਵੇਖਿਆ ਜਾ ਰਿਹਾ ਹੈ।
7 ਫਰਵਰੀ ਤੋਂ ਹੋਵੇਗਾ ਟੀ-20 ਵਿਸ਼ਵ ਕੱਪ ਦਾ ਆਗਾਜ਼
ਟੀ-20 ਵਿਸ਼ਵ ਕੱਪ 7 ਫਰਵਰੀ ਤੋਂ ਸ਼ੁਰੂ ਹੋਵੇਗਾ। ਟੂਰਨਾਮੈਂਟ ਤੋਂ ਪਹਿਲਾਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖ਼ਿਰ ਭਾਰਤੀ ਟੀਮ ਵਿੱਚ ਕਿਹੜੇ ਖਿਡਾਰੀਆਂ ਨੂੰ ਮੌਕਾ ਮਿਲੇਗਾ। ਜੁਲਾਈ 2024 ਤੋਂ ਬਾਅਦ ਟੀਮ ਇੰਡੀਆ ਨੇ ਟੀ-20 ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 34 ਮੈਚਾਂ ਵਿੱਚੋਂ 30 ਵਿੱਚ ਜਿੱਤ ਦਰਜ ਕਰਕੇ ਟੀਮ ਨੇ ਆਪਣੀ ਤਾਕਤ ਸਾਬਤ ਕੀਤੀ ਹੈ, ਜਦਕਿ ਚਾਰ ਮੈਚਾਂ ਵਿੱਚ ਹਾਰ ਹੋਈ, ਜਿਸ ਵਿੱਚ ਦੋ ਸੁਪਰ ਓਵਰ ਵਾਲੇ ਮੁਕਾਬਲੇ ਵੀ ਸ਼ਾਮਲ ਰਹੇ। ਆਸਟ੍ਰੇਲੀਆ ਦੌਰੇ ਦੌਰਾਨ ਦੋ ਮੈਚ ਮੀਂਹ ਦੀ ਭੇਟ ਚੜ੍ਹ ਗਏ ਸਨ।
ਓਪਨਿੰਗ ਸਲਾਟ ਲਈ ਮੁਕਾਬਲਾ: ਗਿੱਲ, ਅਭਿਸ਼ੇਕ ਜਾਂ ਸੰਜੂ?
ਟੀਮ ਚੋਣ ਵਿੱਚ ਸਭ ਤੋਂ ਵੱਧ ਚਰਚਾ ਓਪਨਿੰਗ ਜੋੜੀ ਨੂੰ ਲੈ ਕੇ ਹੈ। ਇਸ ਸਮੇਂ ਅਭਿਸ਼ੇਕ ਸ਼ਰਮਾ ਅਤੇ ਸ਼ੁਭਮਨ ਗਿੱਲ ਟੀਮ ਦੇ ਨਿਯਮਤ ਓਪਨਰ ਮੰਨੇ ਜਾ ਰਹੇ ਹਨ। ਭਾਵੇਂ ਗਿੱਲ ਹਾਲੀਆ ਸਮੇਂ ਵਿੱਚ ਵਧੀਆ ਲੈ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦਾ ਟੀਮ ਤੋਂ ਬਾਹਰ ਹੋਣਾ ਮੁਸ਼ਕਲ ਦਿਖਾਈ ਦੇ ਰਿਹਾ ਹੈ। ਗਿੱਲ ਨਾ ਸਿਰਫ਼ ਟੀਮ ਦੇ ਮੁੱਖ ਬੱਲੇਬਾਜ਼ ਹਨ, ਸਗੋਂ ਉਪ-ਕਪਤਾਨ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ।
ਸੰਜੂ ਸੈਮਸਨ ਨੂੰ ਵੀ ਸਕੁਆਡ ਵਿੱਚ ਸ਼ਾਮਲ ਕਰਨ ਦੀ ਸੰਭਾਵਨਾ ਬਣੀ ਹੋਈ ਹੈ, ਹਾਲਾਂਕਿ ਉਹ ਹਾਲ ਹੀ ਵਿੱਚ ਪਲੇਇੰਗ ਇਲੈਵਨ ਦਾ ਪੱਕਾ ਹਿੱਸਾ ਨਹੀਂ ਬਣ ਸਕੇ। ਸੰਕੇਤ ਮਿਲ ਰਹੇ ਹਨ ਕਿ ਅਭਿਸ਼ੇਕ ਸ਼ਰਮਾ ਹੀ ਗਿੱਲ ਦੇ ਨਾਲ ਓਪਨਿੰਗ ਕਰ ਸਕਦੇ ਹਨ, ਜਿਸ ਕਾਰਨ ਯਸ਼ਸਵੀ ਜੈਸਵਾਲ ਨੂੰ ਇਸ ਵਾਰ ਬਾਹਰ ਬੈਠਣਾ ਪੈ ਸਕਦਾ ਹੈ। ਸੈਮਸਨ ਨੂੰ ਰਿਜ਼ਰਵ ਓਪਨਰ ਅਤੇ ਵਿਕਟਕੀਪਰ-ਬੱਲੇਬਾਜ਼ ਵਜੋਂ ਰੱਖਿਆ ਜਾ ਸਕਦਾ ਹੈ।
ਸੈਮਸਨ ਦੇ ਸੈਂਕੜੇ ਵੀ ਨਾ ਬਣੇ ਭਰੋਸੇ ਦੀ ਗਾਰੰਟੀ
ਸਾਲ 2024 ਵਿੱਚ ਤਿੰਨ ਸੈਂਕੜੇ ਲਗਾਉਣ ਦੇ ਬਾਵਜੂਦ ਸੰਜੂ ਸੈਮਸਨ ਨੂੰ ਬੱਲੇਬਾਜ਼ੀ ਕ੍ਰਮ ਵਿੱਚ ਹੇਠਾਂ ਭੇਜਿਆ ਗਿਆ ਅਤੇ ਬਾਅਦ ਵਿੱਚ ਕਈ ਮੈਚਾਂ ਵਿੱਚ ਪਲੇਇੰਗ ਇਲੈਵਨ ਤੋਂ ਵੀ ਬਾਹਰ ਰਹਿਣਾ ਪਿਆ। ਦੂਜੇ ਪਾਸੇ ਜਿਤੇਸ਼ ਸ਼ਰਮਾ ਵੀ ਕੋਈ ਵੱਡਾ ਪ੍ਰਭਾਵ ਛੱਡਣ ਵਿੱਚ ਅਸਫ਼ਲ ਰਹੇ ਹਨ, ਪਰ ਟੀਮ ਪ੍ਰਬੰਧਨ ਨੇ ਅਜੇ ਤੱਕ ਉਨ੍ਹਾਂ ‘ਤੇ ਭਰੋਸਾ ਬਣਾਇਆ ਹੋਇਆ ਹੈ।
ਈਸ਼ਾਨ ਕਿਸ਼ਨ ਨੇ ਦਿੱਤਾ ਮਜ਼ਬੂਤ ਦਾਅਵਾ
ਇਸ ਦੌਰਾਨ ਈਸ਼ਾਨ ਕਿਸ਼ਨ ਨੇ ਸਈਦ ਮੁਸ਼ਤਾਕ ਅਲੀ ਟਰਾਫੀ ਵਿੱਚ ਝਾਰਖੰਡ ਲਈ ਰਿਕਾਰਡ ਤੋੜ ਪ੍ਰਦਰਸ਼ਨ ਕਰਕੇ ਆਪਣੀ ਦਾਵੇਦਾਰੀ ਮਜ਼ਬੂਤ ਕੀਤੀ ਹੈ। ਉਸ ਦੀ ਫਾਰਮ ਨੇ ਚੋਣਕਰਤਾਵਾਂ ਦੀ ਸੋਚ ਨੂੰ ਨਵਾਂ ਮੋੜ ਦਿੱਤਾ ਹੈ ਅਤੇ ਉਹ ਸਕੁਆਡ ਵਿੱਚ ਹੈਰਾਨੀਜਨਕ ਐਂਟਰੀ ਕਰ ਸਕਦੇ ਹਨ।
ਹਾਰਦਿਕ ਪਾਂਡਿਆ ਬਣੇ ਰਹਿਣਗੇ ਐਕਸ-ਫੈਕਟਰ
ਟੀਮ ਦੇ ਮਿਡਲ ਆਰਡਰ ਅਤੇ ਆਲਰਾਊਂਡਰ ਡਿਪਾਰਟਮੈਂਟ ਵਿੱਚ ਹਾਰਦਿਕ ਪਾਂਡਿਆ ਇੱਕ ਵਾਰ ਫਿਰ ਸਭ ਤੋਂ ਅਹਿਮ ਕੜੀ ਹੋਣਗੇ। ਉਨ੍ਹਾਂ ਦੇ ਨਾਲ ਤਿਲਕ ਵਰਮਾ ਨੂੰ ਵੀ ਟੀਮ ਵਿੱਚ ਥਾਂ ਮਿਲਣ ਦੀ ਪੂਰੀ ਉਮੀਦ ਹੈ। ਸ਼ਿਵਮ ਦੂਬੇ, ਅਕਸ਼ਰ ਪਟੇਲ ਅਤੇ ਵਾਸ਼ਿੰਗਟਨ ਸੁੰਦਰ ਆਲਰਾਊਂਡਰ ਦੇ ਰੂਪ ਵਿੱਚ ਟੀਮ ਨੂੰ ਸੰਤੁਲਨ ਦੇਣਗੇ।
ਅੱਜ ਦੇ ਐਲਾਨ ‘ਤੇ ਟਿਕੀਆਂ ਸਾਰੀਆਂ ਨਜ਼ਰਾਂ
ਹੁਣ ਸਾਰੀਆਂ ਨਜ਼ਰਾਂ ਅੱਜ ਹੋਣ ਵਾਲੇ ਟੀਮ ਐਲਾਨ ‘ਤੇ ਟਿਕੀਆਂ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਮ ਪ੍ਰਬੰਧਨ ਤਜਰਬੇ ਅਤੇ ਫਾਰਮ ਵਿੱਚ ਕਿਸ ਨੂੰ ਤਰਜੀਹ ਦਿੰਦਾ ਹੈ ਅਤੇ ਕਿਹੜੇ ਨਵੇਂ ਚਿਹਰੇ ਟੀ-20 ਵਿਸ਼ਵ ਕੱਪ 2026 ਵਿੱਚ ਭਾਰਤ ਦੀ ਕਿਸਮਤ ਸੰਵਾਰਨ ਦਾ ਮੌਕਾ ਹਾਸਲ ਕਰਦੇ ਹਨ।

