ਨਵੀਂ ਦਿੱਲੀ :- ਆਈਪੀਐਲ 2026 ਦੌਰਾਨ ਹਿੰਦੀ ਕਮੈਂਟਰੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਹੋਰ ਤੀਖਾ ਹੋ ਗਿਆ ਹੈ। ਦਰਸ਼ਕਾਂ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਮੈਚਾਂ ਦੌਰਾਨ ਖੇਡ ਦੇ ਤਕਨੀਕੀ ਪੱਖ ਦੀ ਥਾਂ ਹਾਸ-ਮਜ਼ਾਕ ਅਤੇ ਹਲਕੀਆਂ ਗੱਲਾਂ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। 28 ਅਤੇ 29 ਮਾਰਚ ਦੇ ਮੈਚਾਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਸ ਮਾਮਲੇ ਨੂੰ ਲੈ ਕੇ ਖੂਬ ਚਰਚਾ ਹੋਈ ਅਤੇ ਕਈ ਪ੍ਰਸ਼ੰਸਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ।
ਦਿੱਗਜ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਆਲੋਚਨਾ
ਇਸ ਸੀਜ਼ਨ ਵਿੱਚ ਹਿੰਦੀ ਕਮੈਂਟਰੀ ਪੈਨਲ ਵਿੱਚ ਸਾਬਕਾ ਭਾਰਤੀ ਖਿਡਾਰੀ ਹਰਭਜਨ ਸਿੰਘ ਦੇ ਨਾਲ ਵਰਿੰਦਰ ਸਹਿਵਾਗ ਅਤੇ ਨਵਜੋਤ ਸਿੰਘ ਸਿੱਧੂ ਵਰਗੇ ਨਾਮੀ ਚਿਹਰੇ ਸ਼ਾਮਲ ਹਨ। ਇਸ ਦੇ ਬਾਵਜੂਦ ਦਰਸ਼ਕਾਂ ਦਾ ਮੰਨਣਾ ਹੈ ਕਿ ਕਮੈਂਟਰੀ ਵਿੱਚ ਖੇਡ ਦੀ ਗਹਿਰਾਈ ਅਤੇ ਵਿਸ਼ਲੇਸ਼ਣ ਦੀ ਕਮੀ ਮਹਿਸੂਸ ਹੋ ਰਹੀ ਹੈ, ਜੋ ਕਿ ਇੱਕ ਵੱਡੇ ਟੂਰਨਾਮੈਂਟ ਲਈ ਉਮੀਦਾਂ ਦੇ ਉਲਟ ਹੈ।
ਮੀਮ ਤੋਂ ਭੜਕਿਆ ਨਵਾਂ ਵਿਵਾਦ
ਵਿਵਾਦ ਨੂੰ ਉਸ ਵੇਲੇ ਹੋਰ ਹਵਾ ਮਿਲੀ ਜਦੋਂ ਸੋਸ਼ਲ ਮੀਡੀਆ ‘ਤੇ ਇੱਕ ਮੀਮ ਵਾਇਰਲ ਹੋਇਆ, ਜਿਸ ਵਿੱਚ ਕਮੈਂਟਰੀ ਪੈਨਲ ਦੀ ਤਸਵੀਰ ਨਾਲ ਉਨ੍ਹਾਂ ਨੂੰ ਤੰਜ਼ੀਅ ਤੌਰ ‘ਤੇ “ਤਿੰਨ ਜੋਕਰ” ਕਿਹਾ ਗਿਆ। ਇਸ ਮੀਮ ਤੋਂ ਬਾਅਦ ਕਈ ਯੂਜ਼ਰਾਂ ਨੇ ਹਿੰਦੀ ਅਤੇ ਅੰਗਰੇਜ਼ੀ ਕਮੈਂਟਰੀ ਦੀ ਤੁਲਨਾ ਕਰਦੇ ਹੋਏ ਆਪਣੀ ਰਾਏ ਦਿੱਤੀ ਅਤੇ ਕਿਹਾ ਕਿ ਅੰਗਰੇਜ਼ੀ ਕਮੈਂਟਰੀ ਵਿੱਚ ਖੇਡ ਦੀ ਵਧੇਰੇ ਸਮਝ ਮਿਲਦੀ ਹੈ।
ਹਰਭਜਨ ਸਿੰਘ ਦਾ ਤਿੱਖਾ ਪ੍ਰਤੀਕਰਮ
ਆਪਣੇ ਖ਼ਿਲਾਫ਼ ਹੋ ਰਹੀ ਟਿੱਪਣੀਬਾਜ਼ੀ ਦਾ ਜਵਾਬ ਦਿੰਦਿਆਂ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਕੜਾ ਸੁਨੇਹਾ ਸਾਂਝਾ ਕੀਤਾ। ਉਨ੍ਹਾਂ ਦੇ ਸ਼ਬਦਾਂ ਨੇ ਵਿਵਾਦ ਨੂੰ ਠੰਡਾ ਕਰਨ ਦੀ ਬਜਾਏ ਹੋਰ ਗਰਮਾ ਦਿੱਤਾ। ਇਕ ਹੋਰ ਪੋਸਟ ਵਿੱਚ ਵੀ ਉਨ੍ਹਾਂ ਨੇ ਆਲੋਚਕਾਂ ‘ਤੇ ਨਿਸ਼ਾਨਾ ਸਾਧਦੇ ਹੋਏ ਸਖ਼ਤ ਭਾਸ਼ਾ ਵਰਤੀ, ਜਿਸ ਨਾਲ ਚਰਚਾ ਹੋਰ ਤੇਜ਼ ਹੋ ਗਈ।
ਸੋਸ਼ਲ ਮੀਡੀਆ ‘ਤੇ ਵੰਡੇ ਪ੍ਰਤੀਕਰਮ
ਇਸ ਮਾਮਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕ ਦੋ ਹਿੱਸਿਆਂ ਵਿੱਚ ਵੰਡੇ ਨਜ਼ਰ ਆ ਰਹੇ ਹਨ। ਕੁਝ ਯੂਜ਼ਰ ਹਰਭਜਨ ਸਿੰਘ ਦੇ ਰਵੱਈਏ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ ਕਮੈਂਟਰੀ ਪੈਨਲ ਤੋਂ ਹਟਾਉਣ ਦੀ ਮੰਗ ਕਰ ਰਹੇ ਹਨ, ਜਦਕਿ ਕਈ ਹੋਰ ਉਨ੍ਹਾਂ ਦੇ ਸਮਰਥਨ ਵਿੱਚ ਵੀ ਖੜ੍ਹੇ ਹੋਏ ਹਨ ਅਤੇ ਟ੍ਰੋਲਿੰਗ ਨੂੰ ਗਲਤ ਕਰਾਰ ਦੇ ਰਹੇ ਹਨ।

