ਅੰਮ੍ਰਿਤਸਰ :- ਅੱਜ ਅਸੀਂ ਅੰਮ੍ਰਿਤਸਰ ਦੇ ਪ੍ਰਾਚੀਨ ਸ੍ਰੀ ਦੁਰਗਿਆਣਾ ਮੰਦਰ ਪਹੁੰਚ ਕੇ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਮੇਘ ਸ਼ਾਮ ਜੀ ਨਾਲ ਮਹਾਂ ਸ਼ਿਵਰਾਤਰੀ ਦੀ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਉਹ ਪਵਿੱਤਰ ਰਾਤ ਹੈ, ਜਿਸ ਦੌਰਾਨ ਭਗਵਾਨ ਸ਼ਿਵ ਜੀ ਦਾ ਮਾਤਾ ਪਾਰਵਤੀ ਜੀ ਨਾਲ ਵਿਵਾਹ ਹੋਇਆ ਸੀ। ਇਸ ਦਿਨ ਨੂੰ ਧਾਰਮਿਕ ਤੌਰ ਤੇ ਸੰਸਾਰ ਦੀ ਰੱਖਿਆ ਨਾਲ ਵੀ ਜੋੜਿਆ ਜਾਂਦਾ ਹੈ। ਕਹਾਣੀ ਅਨੁਸਾਰ, ਭਗਵਾਨ ਸ਼ਿਵ ਜੀ ਨੇ ਸਮੁੰਦਰ ਮੰਥਨ ਦੌਰਾਨ ਨਿਕਲੇ ਵਿਸ਼ ਨੂੰ ਆਪਣੇ ਕੰਠ ਵਿੱਚ ਧਾਰਨ ਕੀਤਾ, ਜਿਸ ਕਾਰਨ ਉਹ ਨੀਲਕੰਠ ਨਾਮ ਨਾਲ ਜਾਣੇ ਜਾਂਦੇ ਹਨ।
ਭਗਤਾਂ ਲਈ ਮਹਾਂ ਸ਼ਿਵਰਾਤਰੀ ਦੇ ਦਿਨ ਦੀਆਂ ਮਾਰਗਦਰਸ਼ਨ
ਪੰਡਿਤ ਜੀ ਨੇ ਸੂਚਨਾ ਦਿੱਤੀ ਕਿ ਮਹਾਂ ਸ਼ਿਵਰਾਤਰੀ ਨੂੰ ਸਵੇਰੇ ਉਠ ਕੇ ਇਸ਼ਨਾਨ ਕਰਨਾ ਅਤੇ ਸ਼ੁੱਧ ਕੱਪੜੇ ਪਹਿਨ ਕੇ ਸ਼ਿਵ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਸ਼ਿਵਲਿੰਗ ਉੱਤੇ ਜਲ, ਦੁੱਧ, ਬੇਲਪੱਤਰ, ਧਤੂਰਾ ਅਤੇ ਭਸਮ ਅਰਪਣ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਓਮ ਨਮ: ਸ਼ਿਵਾਯ ਮੰਤ੍ਰ ਦਾ ਜਪ ਕਰਨ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਜੀਵਨ ਦੇ ਦੁੱਖ-ਕਲੇਸ਼ ਦੂਰ ਹੁੰਦੇ ਹਨ। ਮਹਾਂ ਸ਼ਿਵਰਾਤਰੀ ਦਾ ਵਰਤ ਆਤਮਿਕ ਸ਼ੁੱਧਤਾ ਅਤੇ ਸੰਯਮ ਦਾ ਪ੍ਰਤੀਕ ਹੈ। ਭਗਤ ਆਪਣੀ ਸ਼ਰਧਾ ਅਨੁਸਾਰ ਨਿਰਜਲਾ ਵਰਤ, ਫਲਾਹਾਰ ਜਾਂ ਸਾਦਾ ਵਰਤ ਰੱਖ ਸਕਦੇ ਹਨ। ਵਰਤ ਦੇ ਦੌਰਾਨ ਸੱਚੇ ਮਨ ਨਾਲ ਭਗਵਾਨ ਸ਼ਿਵ ਜੀ ਦਾ ਸਿਮਰਨ ਸਭ ਤੋਂ ਮਹੱਤਵਪੂਰਣ ਹੈ।
ਮਹਾਂ ਸ਼ਿਵਰਾਤਰੀ ਦੀ ਅਸਲ ਮਹਾਨਤਾ
ਪੰਡਿਤ ਮੇਘ ਸ਼ਾਮ ਜੀ ਨੇ ਸ਼ਰਧਾਲੂਆਂ ਨੂੰ ਸੰਦੇਸ਼ ਦਿੱਤਾ ਕਿ ਮਹਾਂ ਸ਼ਿਵਰਾਤਰੀ ਸਿਰਫ ਰਸਮਾਂ ਅਤੇ ਤਿਉਹਾਰ ਤੱਕ ਸੀਮਿਤ ਨਾ ਰਹੇ, ਸਗੋਂ ਭਗਵਾਨ ਸ਼ਿਵ ਜੀ ਦੇ ਆਦਰਸ਼—ਸਾਦਗੀ, ਤਿਆਗ ਅਤੇ ਕਰੁਣਾ—ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਦੇ ਅਨੁਸਾਰ ਇਹੀ ਮਹਾਂ ਸ਼ਿਵਰਾਤਰੀ ਦੀ ਅਸਲ ਮਹਾਨਤਾ ਹੈ