ਸਿੰਗਨ (ਜਰਮਨੀ) :- ਜਰਮਨੀ ਦੇ ਸਿੰਗਨ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਇੱਕ ਸਿੱਖ ਪਰਿਵਾਰ ਵੱਲੋਂ ਅੰਤਿਮ ਅਰਦਾਸ ਅਤੇ ਭੋਗ ਸਮਾਗਮ ਕਰਵਾਉਣ ਦੀ ਇਜਾਜ਼ਤ ਨਾ ਮਿਲਣ ਕਾਰਨ ਸਥਾਨਕ ਸਾਧ ਸੰਗਤ ਵਿਚ ਰੋਸ ਦੀ ਲਹਿਰ ਹੈ। ਪਰਿਵਾਰ ਅਤੇ ਸੰਗਤ ਨੇ ਦਾਅਵਾ ਕੀਤਾ ਹੈ ਕਿ ਗੁਰਦੁਆਰਾ ਕਮੇਟੀ ਨੇ ਨਿੱਜੀ ਕਾਰਨਾਂ ਕਰਕੇ ਧਾਰਮਿਕ ਮਰਯਾਦਾ ਦੀ ਉਲੰਘਣਾ ਕਰਦਿਆਂ ਇਹ ਸਮਾਗਮ ਰੁਕਵਾਇਆ।
ਮਾਤਾ ਜੀ ਦੇ ਦੇਹਾਂਤ ਉਪਰੰਤ ਪਰਿਵਾਰ ਵੱਲੋਂ ਗੁਰਦੁਆਰੇ ‘ਚ ਅੰਤਿਮ ਅਰਦਾਸ ਦੀ ਅਰਜ਼ੀ ਦਿੱਤੀ ਗਈ ਸੀ। ਸੰਗਤ ਅਨੁਸਾਰ, ਨਾ ਸਿਰਫ਼ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ, ਸਗੋਂ ਪਰਿਵਾਰਕ ਮੈਂਬਰਾਂ ਨੂੰ ਗੁਰਦੁਆਰੇ ’ਚ ਦਾਖਲ ਹੋਣ ਤੋਂ ਵੀ ਰੋਕ ਦਿੱਤਾ ਗਿਆ। ਇਨ੍ਹਾਂ ਅਨੁਸਾਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਘਰ ਲਿਜਾਣ ਲਈ ਵੀ ਕਮੇਟੀ ਨੇ ਇਹ ਸ਼ਰਤ ਰੱਖੀ ਕਿ ਸਰੂਪ ਸਿਰਫ਼ ਪੰਜ ਨਿਰਧਾਰਤ ਵਿਅਕਤੀਆਂ ਰਾਹੀਂ ਹੀ ਲਿਜਾਇਆ ਜਾਵੇ, ਜਿਨ੍ਹਾਂ ਵਿੱਚ ਪਰਿਵਾਰਕ ਮੈਂਬਰ ਸ਼ਾਮਲ ਨਹੀਂ ਸਨ।
ਸੰਗਤ ਨੇ ਦੱਸਿਆ ਕਿ ਭੋਗ ਸਮਾਪਤੀ ਤੋਂ ਬਾਅਦ ਸਰੂਪ ਵੀ ਪਰਿਵਾਰ ਵਾਪਸ ਗੁਰਦੁਆਰੇ ਨਹੀਂ ਲੈ ਜਾ ਸਕੇਗਾ, ਬਲਕਿ ਕਮੇਟੀ ਵੱਲੋਂ ਨਿਰਧਾਰਤ ਵਿਅਕਤੀ ਹੀ ਲੈ ਕੇ ਆਉਣਗੇ। ਉਨ੍ਹਾਂ ਇਸ ਕਾਰਵਾਈ ਨੂੰ ਸਿੱਖ ਰਹਿਤ ਮਰਯਾਦਾ ਦੇ ਉਲੰਘਣ ਵਜੋਂ ਵੇਖਦਿਆਂ ਕਿਹਾ ਕਿ ਗੁਰਦੁਆਰਾ ਕਿਸੇ ਇਕ ਟਕਸਾਲ ਜਾਂ ਵਿਅਕਤੀ ਦੀ ਨਿੱਜੀ ਜਾਇਦਾਦ ਨਹੀਂ, ਸਗੋਂ ਸਮੂਹ ਸੰਗਤ ਦੀ ਸਾਂਝੀ ਧਾਰਮਿਕ ਥਾਂ ਹੈ।
ਇਸ ਮਾਮਲੇ ‘ਚ ਸਵਿਟਜ਼ਰਲੈਂਡ ਵਾਸੀ ਰਾਜਵਿੰਦਰ ਸਿੰਘ ਵੱਲੋਂ ਸ਼੍ਰੋਮਣੀ ਅਕਾਲ ਤਖ਼ਤ ਸਾਹਿਬ ਕੋਲ ਲਿਖਤੀ ਅਰਜ਼ੀ ਦੇ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਲਿਖਿਆ ਹੈ ਕਿ ਸਿੰਗਨ ਸਥਿਤ ਗੁਰਦੁਆਰੇ ਦੀ ਮੌਜੂਦਾ ਕਮੇਟੀ ਨੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ, ਜਿਸ ਲਈ ਉਨ੍ਹਾਂ ਨੂੰ ਤਲਬ ਕਰਕੇ ਸਪਸ਼ਟੀਕਰਨ ਲਿਆ ਜਾਵੇ।
ਉਲੇਖਨੀਯ ਹੈ ਕਿ ਗੁਰਦੁਆਰਾ ਸਾਹਿਬ ਦੀ ਮੌਜੂਦਾ ਕਮੇਟੀ ਵਿੱਚ ਦਵਿੰਦਰ ਸਿੰਘ ਪ੍ਰਧਾਨ, ਲਖਬੀਰ ਸਿੰਘ ਉਪ-ਪ੍ਰਧਾਨ ਦੇ ਤੌਰ ‘ਤੇ ਸ਼ਾਮਲ ਹਨ, ਜਦਕਿ ਮੈਂਬਰਾਂ ਵਿੱਚ ਅਮਰਜੀਤ ਸਿੰਘ ਮੁਲਤਾਨੀ, ਰਜਵੰਤ ਸਿੰਘ, ਪਰਮਜੀਤ ਸਿੰਘ ਲੋਂਗੀਆ, ਹਰਪ੍ਰੀਤ ਸਿੰਘ, ਬਚਨ ਸਿੰਘ ਅਤੇ ਬਜਿੰਦਰ ਸਿੰਘ ਸ਼ਾਮਲ ਹਨ।