ਜ਼ੀਰਕਪੁਰ :- ਜ਼ੀਰਕਪੁਰ ਦੀ ਚੌਧਰੀ ਕਲੋਨੀ ਵਿੱਚ ਦੀਵਾਲੀ ਦੇ ਦਿਨ ਇੱਕ ਗੰਭੀਰ ਹਾਦਸਾ ਵਾਪਰਿਆ, ਜਦੋਂ ਪਟਾਕਿਆਂ ਵਿੱਚ ਬਾਰੂਦ ਭਰਨ ਦੌਰਾਨ ਅਚਾਨਕ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਇੱਕ ਨੌਜਵਾਨ ਗੰਭੀਰ ਤਰ੍ਹਾਂ ਝੁਲਸ ਗਿਆ, ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਪਟਾਕੇ ਤਿਆਰ ਕਰਦੇ ਸਮੇਂ ਅਚਾਨਕ ਧਮਾਕਾ
ਮਿਲੀ ਜਾਣਕਾਰੀ ਮੁਤਾਬਕ, ਧਮਾਕਾ ਉਸ ਵੇਲੇ ਹੋਇਆ ਜਦੋਂ ਸਥਾਨਕ ਨਿਵਾਸੀ ਸੂਰਜ ਪਟਾਕਿਆਂ ਵਿੱਚ ਬਾਰੂਦ ਲੋਡ ਕਰ ਰਿਹਾ ਸੀ। ਅਚਾਨਕ ਚਿੰਗਾਰੀ ਲੱਗਣ ਨਾਲ ਧਮਾਕਾ ਹੋਇਆ ਅਤੇ ਬਾਰੂਦ ਫਟਣ ਕਾਰਨ ਸੂਰਜ ਸਿਰ ਤੋਂ ਪੈਰ ਤੱਕ ਸੜ ਗਿਆ।
ਗੰਭੀਰ ਜ਼ਖਮੀ, ਚੰਡੀਗੜ੍ਹ ਰੈਫਰ
ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖਮੀ ਨੂੰ ਪਹਿਲਾਂ ਨਿੱਜੀ ਹਸਪਤਾਲ ਪਹੁੰਚਾਇਆ। ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸਨੂੰ ਵਧੇਰੇ ਇਲਾਜ ਲਈ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਸੂਰਜ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੁਲਿਸ ਵੱਲੋਂ ਜਾਂਚ ਸ਼ੁਰੂ
ਇਲਾਕੇ ਵਾਸੀਆਂ ਨੇ ਦੱਸਿਆ ਕਿ ਧਮਾਕਾ ਇੰਨਾ ਭਿਆਨਕ ਸੀ ਕਿ ਕੱਪੜੇ ਤੁਰੰਤ ਸੜ ਗਏ ਅਤੇ ਸਰੀਰ ‘ਤੇ ਡੂੰਘੇ ਸੜਨ ਵਾਲੇ ਜ਼ਖ਼ਮ ਹੋ ਗਏ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਧਮਾਕੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਲਈ ਜਾਂਚ ਜਾਰੀ ਹੈ।