ਫਿਰੋਜ਼ਪੁਰ :- ਫਿਰੋਜ਼ਪੁਰ ਦੇ ਪਿੰਡ ਮਨਸੂਰਵਾਲ ਕਲਾਂ ਵਿੱਚ ਸਥਿਤ ਮਾਲਬਰੋਜ਼ ਸ਼ਰਾਬ ਫੈਕਟਰੀ ਖ਼ਿਲਾਫ਼ ਚੱਲ ਰਿਹਾ ਲੋਕਾਂ ਦਾ ਲੰਮਾ ਸੰਘਰਸ਼ ਅੰਤ ਵਿਚ ਕਾਮਯਾਬ ਹੋਇਆ ਹੈ। ਐੱਨਜੀਟੀ ਦਿੱਲੀ ਦੀ ਅਦਾਲਤ ਦੇ ਬੈਂਚ, ਜਿਸ ਵਿੱਚ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਚੇਅਰਪਰਸਨ, ਜਸਟਿਸ ਅਰੁਣ ਕੁਮਾਰ ਤਿਆਗੀ (ਜੁਡੀਸ਼ੀਅਲ ਮੈਂਬਰ) ਅਤੇ ਡਾ. ਅਫਰੋਜ਼ ਅਹਿਮਦ ਸ਼ਾਮਲ ਸਨ, ਨੇ ਫੈਕਟਰੀ ਨੂੰ ਪੱਕੇ ਤੌਰ ‘ਤੇ ਬੰਦ ਕਰਨ ਅਤੇ ਢਾਹੁਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਡਿਸਟਿਲਰੀ ਬੰਦ, ਈਥਾਨੋਲ ਪਲਾਂਟ ‘ਤੇ ਰਹੇਗੀ ਲੜਾਈ
ਅਦਾਲਤ ਵਿੱਚ ਉਤਰਵਾਦੀ ਧਿਰ ਦੇ ਵਕੀਲਾਂ ਵੱਲੋਂ ਦੱਸਿਆ ਗਿਆ ਕਿ ਡਿਸਟਿਲਰੀ ਪਲਾਂਟ ਹੁਣ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਅਤੇ ਉਸਦਾ ਢਾਂਚਾ ਵੀ ਹਟਾ ਦਿੱਤਾ ਜਾਵੇਗਾ। ਹਾਲਾਂਕਿ, ਉਸੇ ਕੰਪਲੈਕਸ ਵਿੱਚ ਸਥਿਤ 180 ਕੇਐੱਲਡੀ ਦੇ ਈਥਾਨੋਲ ਪਲਾਂਟ ਵਿੱਚ ਉਤਪਾਦਨ ਜਾਰੀ ਰੱਖਣ ਦੀ ਇਜਾਜ਼ਤ ਮੰਗੀ ਗਈ ਹੈ। ਇਸ ਸਬੰਧੀ ਸਾਂਝਾ ਮੋਰਚਾ ਜ਼ੀਰਾ ਦੇ ਵਕੀਲ ਕੋਲਿਨ ਗੋਂਜ਼ਾਲਵੇਸ ਨੇ ਅਦਾਲਤ ਤੋਂ ਦੋ ਹਫ਼ਤਿਆਂ ਦਾ ਸਮਾਂ ਲਿਆ ਹੈ ਅਤੇ ਕਿਹਾ ਹੈ ਕਿ ਹੁਣ ਸੰਘਰਸ਼ ਈਥਾਨੋਲ ਪਲਾਂਟ ਖ਼ਿਲਾਫ਼ ਜਾਰੀ ਰਹੇਗਾ।
ਲੋਕਾਂ ਵੱਲੋਂ ਜਿੱਤ ਵਜੋਂ ਸਵਾਗਤ
ਸਾਂਝਾ ਮੋਰਚਾ ਜ਼ੀਰਾ ਦੇ ਆਗੂਆਂ, ਕਿਸਾਨ ਜਥੇਬੰਦੀਆਂ ਅਤੇ ਇਲਾਕਾ ਵਾਸੀਆਂ ਨੇ ਫ਼ੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਇਹ ਕੇਵਲ ਜ਼ੀਰਾ ਹੀ ਨਹੀਂ, ਸਗੋਂ ਪੂਰੇ ਪੰਜਾਬ ਦੀ ਜਿੱਤ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸਾਢੇ ਤਿੰਨ ਸਾਲਾਂ ਦੇ ਸੰਘਰਸ਼ ਅਤੇ ਇਕਜੁੱਟਤਾ ਦਾ ਨਤੀਜਾ ਹੈ, ਜੋ ਹੁਣ ਫਲ ਦੇ ਰਿਹਾ ਹੈ।