ਚੰਡੀਗੜ੍ਹ :- ਚੰਡੀਗੜ੍ਹ ਪੁਲਿਸ ਨੇ ਸੈਕਟਰ 46 ਦੇ ਬਾਹਰ ਦੋ ਭੈਣਾਂ ਨੂੰ ਟੱਕਰ ਮਾਰ ਕੇ ਫਰਾਰ ਹੋਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਵੱਡੀ ਕਾਰਵਾਈ ਉਸ ਸਮੇਂ ਹੋਈ ਜਦੋਂ ਪੁਲਿਸ ਨੇ ਮਾਮਲੇ ‘ਚ ਸ਼ਾਮਲ ਲਾਲ ਰੰਗ ਦੀ ਥਾਰ (ਨੰਬਰ CH01CG9000) ਬਰਾਮਦ ਕੀਤੀ, ਜੋ ਸੈਕਟਰ 21 ਦੇ ਪਤੇ ‘ਤੇ ਰਜਿਸਟਰਡ ਪਾਈ ਗਈ।
ਗ੍ਰਿਫ਼ਤਾਰ ਕੀਤਾ ਗਿਆ ਨੌਜਵਾਨ ਨੇਰੋਸ਼ਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ, ਜੋ ਕਿ ਪੰਜਾਬ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ।
ਸੜਕ ਕਿਨਾਰੇ ਆਟੋ ਦੀ ਉਡੀਕ ਕਰ ਰਹੀਆਂ ਸਨ ਦੋ ਭੈਣਾਂ
ਇਹ ਦਰਦਨਾਕ ਹਾਦਸਾ ਬੁੱਧਵਾਰ ਦੁਪਹਿਰ ਵਾਪਰਿਆ, ਜਦੋਂ ਦੋ ਭੈਣਾਂ ਸੈਕਟਰ 46 ਦੇ ਦੇਵ ਸਮਾਜ ਕਾਲਜ ਬਾਹਰ ਸੜਕ ਕਿਨਾਰੇ ਆਟੋ-ਰਿਕਸ਼ਾ ਦੀ ਉਡੀਕ ਕਰ ਰਹੀਆਂ ਸਨ। ਉਸੇ ਦੌਰਾਨ ਇੱਕ ਲਾਲ ਥਾਰ ਤੇਜ਼ ਰਫ਼ਤਾਰ ਨਾਲ ਆਈ ਅਤੇ ਦੋਵਾਂ ਨੂੰ ਜ਼ੋਰਦਾਰ ਟੱਕਰ ਮਾਰ ਗਈ।
ਰਾਹਗੀਰਾਂ ਨੇ ਤੁਰੰਤ ਦੋਵੇਂ ਭੈਣਾਂ ਨੂੰ ਸੈਕਟਰ 32 ਦੇ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ 22 ਸਾਲਾ ਸੋਜੇਫ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ, ਜਦਕਿ ਵੱਡੀ ਭੈਣ, 24 ਸਾਲਾ ਈਸ਼ਾ, ਗੰਭੀਰ ਹਾਲਤ ਵਿੱਚ ਇਲਾਜ ਅਧੀਨ ਹੈ।
ਪੁਲਿਸ ਨੇ ਕੀਤਾ ਡਰਾਈਵਰ ਕਾਬੂ, ਪਰ ਚੌਕੀ ਇੰਚਾਰਜ ਹਟਾਇਆ ਗਿਆ
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਾਦਸੇ ‘ਚ ਵਰਤੀ ਗਈ ਥਾਰ ਸੈਕਟਰ 21 ਦੇ ਪਤੇ ‘ਤੇ ਰਜਿਸਟਰਡ ਹੈ। ਮਾਮਲੇ ‘ਚ ਤੁਰੰਤ ਕਾਰਵਾਈ ਕਰਦਿਆਂ ਸੈਕਟਰ 45 ਬੁੜੈਲ ਪੁਲਿਸ ਚੌਕੀ ਦੇ ਇੰਚਾਰਜ ਗੁਰਜੀਵਨ ਸਿੰਘ ਨੂੰ ਲਾਪਰਵਾਹੀ ਲਈ ਹਟਾ ਦਿੱਤਾ ਗਿਆ ਹੈ, ਅਤੇ ਉਨ੍ਹਾਂ ਦੀ ਜਗ੍ਹਾ ਸਬ-ਇੰਸਪੈਕਟਰ ਨਵੀਨ ਨੂੰ ਤਾਇਨਾਤ ਕੀਤਾ ਗਿਆ ਹੈ।
ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ
ਮ੍ਰਿਤਕ ਕੁੜੀ ਦੇ ਪਰਿਵਾਰ ਨੇ ਹਸਪਤਾਲ ਦੇ ਪ੍ਰਬੰਧ ਅਤੇ ਪੁਲਿਸ ਦੋਵੇਂ ‘ਤੇ ਸਵਾਲ ਉਠਾਏ ਹਨ। ਕੁੜੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਹਸਪਤਾਲ ਪ੍ਰਸ਼ਾਸਨ ਜ਼ਖ਼ਮੀ ਕੁੜੀ ਨੂੰ ਵੀ ਇਲਾਜ ਤੋਂ ਬਿਨਾ ਬਾਹਰ ਭੇਜਣ ਲਈ ਕਹਿ ਰਿਹਾ ਸੀ।
ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਚਸ਼ਮਦੀਦਾਂ ਦੇ ਅਨੁਸਾਰ, ਹਾਦਸੇ ਵਾਲੀ ਥਾਰ ਵਿੱਚ ਦੋ ਮੁੰਡੇ ਤੇ ਇੱਕ ਕੁੜੀ ਸਵਾਰ ਸਨ। ਟੱਕਰ ਮਾਰਣ ਤੋਂ ਬਾਅਦ ਤਿੰਨੇ ਫਰਾਰ ਹੋ ਗਏ ਸਨ।
ਜ਼ਰੂਰੀ ਸਵਾਲ
ਸਵਾਲ ਇਹ ਹੈ ਕਿ ਜਦੋਂ ਚੰਡੀਗੜ੍ਹ ਦੀਆਂ ਸੜਕਾਂ ‘ਤੇ ਹਰ ਜਗ੍ਹਾ ਸੀਸੀਟੀਵੀ ਨੈੱਟਵਰਕ ਹੈ, ਤਾਂ ਹਾਦਸੇ ਤੋਂ ਬਾਅਦ ਗੱਡੀ ਇਤਨੀ ਦੇਰ ਤੱਕ ਕਿਵੇਂ ਲੁਕ ਸਕੀ? ਪੁਲਿਸ ਦੀ ਸ਼ੁਰੂਆਤੀ ਕਾਰਵਾਈ ਕਿਉਂ ਸੁਸਤ ਰਹੀ? ਕੀ ਥਾਰ ਚਾਲਕ ਨੂੰ ਪ੍ਰਭਾਵਸ਼ਾਲੀ ਪਰਿਵਾਰਾਂ ਦੀ ਸਹਾਇਤਾ ਮਿਲ ਰਹੀ ਸੀ?