ਕਪੂਰਥਲਾ :- ਕਪੂਰਥਲਾ ਵਿਖੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਲੰਧਰ ਦੇ ਚਿੱਟੀ ਪਿੰਡ ਦੇ ਰਹਿਣ ਵਾਲੇ 30 ਸਾਲਾ ਇਮਾਮ ਹੁਸੈਨ ਵਜੋਂ ਹੋਈ ਹੈ। ਇਹ ਵਾਰਦਾਤ ਔਜਲਾ ਜੋਗੀ ਪਿੰਡ ਕੋਲ ਧਾਰੀਵਾਲ ਦੋਨਾ ਵਾਲੀ ਸੜਕ ਉੱਤੇ ਵਾਪਰੀ। ਸਭ ਤੋਂ ਪਹਿਲਾਂ ਰਾਹਗੀਰਾਂ ਨੇ ਸੜਕ ‘ਤੇ ਪਈ ਲਾਸ਼ ਦੇਖੀ ਅਤੇ ਫੌਰਨ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਪਹੁੰਚੀ ਮੌਕੇ, ਲਾਸ਼ ਹਸਪਤਾਲ ਭੇਜੀ
ਸੂਚਨਾ ਮਿਲਣ ‘ਤੇ ਥਾਣਾ ਸਦਰ ਦੀ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਡੀ.ਐੱਸ.ਪੀ. ਸਬ ਡਿਵੀਜ਼ਨ ਦੀਪਕਰਨ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪੁਰਾਣੀ ਰੰਜਿਸ਼ ਕਾਰਨ ਕਤਲ ਹੋਣ ਦੀ ਸੰਭਾਵਨਾ ਹੈ।
ਐੱਸ.ਐੱਚ.ਓ. ਪ੍ਰਭਜੋਤ ਕੌਰ ਕਰ ਰਹੀ ਜਾਂਚ
ਥਾਣਾ ਸਦਰ ਦੀ ਐੱਸ.ਐੱਚ.ਓ. ਪ੍ਰਭਜੋਤ ਕੌਰ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਬਿਆਨਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।