ਫ਼ਤਹਿਗੜ੍ਹ ਸਾਹਿਬ :- ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਦੇ ਅਖਲ ਜੰਗਲ ਵਿੱਚ ਅੱਤਵਾਦੀਆਂ ਨਾਲ ਚੱਲ ਰਹੀ ਮੁਠਭੇੜ ਦੌਰਾਨ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ। ਫਤਿਹਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਦੇ 26 ਸਾਲਾ ਸਿਪਾਹੀ ਹਰਮਿੰਦਰ ਸਿੰਘ ਅਤੇ ਖੰਨਾ ਦੇ ਪਿੰਡ ਮਾਨੂਪੁਰ ਦੇ 28 ਸਾਲਾ ਲਾਂਸ ਨਾਇਕ ਪ੍ਰਿਤਪਾਲ ਸਿੰਘ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਦੋਨਾਂ ਪਰਿਵਾਰਾਂ ਚ ਸੋਗ
ਰੱਖੜੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਆਈ ਇਸ ਦੁਖਦਾਈ ਖ਼ਬਰ ਨੇ ਦੋਹਾਂ ਪਰਿਵਾਰਾਂ ‘ਚ ਸੋਗ ਦਾ ਮਾਹੌਲ ਬਣਾ ਦਿੱਤਾ ਹੈ। ਲਾਂਸ ਨਾਇਕ ਪ੍ਰਿਤਪਾਲ ਸਿੰਘ ਦੀ ਸ਼ਾਦੀ ਨੂੰ ਸਿਰਫ਼ 11 ਮਹੀਨੇ ਹੀ ਹੋਏ ਸਨ ਅਤੇ ਉਨ੍ਹਾਂ ਦੀ ਪਤਨੀ ਰੱਖੜੀ ਮੌਕੇ ਘਰ ‘ਚ ਖੁਸ਼ੀਆਂ ਦੀ ਉਮੀਦ ਕਰ ਰਹੀ ਸੀ। ਦੂਜੇ ਪਾਸੇ ਸਿਪਾਹੀ ਹਰਮਿੰਦਰ ਸਿੰਘ ਦੀ ਮਾਂ ਅਤੇ ਭੈਣਾਂ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੀ ਉਡੀਕ ਕਰ ਰਹੀਆਂ ਸਨ।
ਆਪਰੇਸ਼ਨ ਅਖਲ ਦਾ ਨੌਵਾਂ ਦਿਨ, ਫਾਇਰਿੰਗ ਜਾਰੀ
ਆਪਰੇਸ਼ਨ ਅਖਲ 1 ਅਗਸਤ ਤੋਂ ਜਾਰੀ ਹੈ ਅਤੇ ਸ਼ਨੀਵਾਰ ਨੂੰ ਇਸ ਦਾ ਨੌਵਾਂ ਦਿਨ ਸੀ। 2 ਅਗਸਤ ਨੂੰ ਇਸ ਕਾਰਵਾਈ ਦੌਰਾਨ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਪਛਾਣ ਪੁਲਵਾਮਾ ਦੇ C-ਸ਼੍ਰੇਣੀ ਦੇ ਅੱਤਵਾਦੀ ਹਾਰਿਸ ਨਜ਼ੀਰ ਡਾਰ ਵਜੋਂ ਹੋਈ ਸੀ। ਇਹ ਅੱਤਵਾਦੀ ਉਹਨਾਂ 14 ਸਥਾਨਕ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਸੀ, ਜਿਸਨੂੰ ਖੁਫੀਆ ਏਜੰਸੀਆਂ ਨੇ 26 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਜਾਰੀ ਕੀਤਾ ਸੀ।
ਇਸ ਆਪਰੇਸ਼ਨ ਵਿੱਚ ਹੁਣ ਤੱਕ 9 ਜਵਾਨ ਜ਼ਖਮੀ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਚਾਰ ਸ਼ੁੱਕਰਵਾਰ ਨੂੰ ਜ਼ਖਮੀ ਹੋਏ ਸਨ। ਇਲਾਜ ਦੌਰਾਨ ਲਾਂਸ ਨਾਇਕ ਪ੍ਰਿਤਪਾਲ ਸਿੰਘ ਅਤੇ ਸਿਪਾਹੀ ਹਰਮਿੰਦਰ ਸਿੰਘ ਨੇ ਸ਼ਨੀਵਾਰ ਸਵੇਰੇ ਦਮ ਤੋੜ ਦਿੱਤਾ। ਜੰਗਲ ਵਿੱਚ ਹੁਣ ਵੀ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ ਅਤੇ ਦੋਹਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ।
ਆਪਰੇਸ਼ਨ ਅਖਲ ਨੂੰ ਸਪੈਸ਼ਲ ਆਪਰੇਸ਼ਨ ਗਰੁੱਪ, ਜੰਮੂ-ਕਸ਼ਮੀਰ ਪੁਲਿਸ, ਫੌਜ ਅਤੇ CRPF ਦੀ ਸਾਂਝੀ ਟੀਮ ਅੰਜਾਮ ਦੇ ਰਹੀ ਹੈ। ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਦਾ ਪੂਰੀ ਤਰ੍ਹਾਂ ਖਾਤਮਾ ਕੀਤੇ ਬਿਨਾਂ ਇਹ ਕਾਰਵਾਈ ਖਤਮ ਨਹੀਂ ਕੀਤੀ ਜਾਵੇਗੀ।
ਕੁਲਗਾਮ ਮੁਕਾਬਲੇ ‘ਤੇ ਫੌਜ ਦਾ ਬਿਆਨ ਆਇਆ ਸਾਹਮਣੇ
ਦੇਸ਼ ਪ੍ਰਤੀ ਡਿਊਟੀ ਨਿਭਾਉਂਦੇ ਹੋਏ ਬਹਾਦਰਾਂ, ਲੈਫਟੀਨੈਂਟ ਨਾਇਕ ਪ੍ਰਿਤਪਾਲ ਸਿੰਘ ਸਰਵਉੱਚ ਬਲਿਦਾਨ ਦਾ ਸਨਮਾਨ ਕਰਦਾ ਹੈ। ਉਨ੍ਹਾਂ ਦੀ ਹਿੰਮਤ ਅਤੇ ਸਮਰਪਣ ਸਾਨੂੰ ਹਮੇਸ਼ਾ ਪ੍ਰੇਰਿਤ ਕਰੇਗਾ। ਭਾਰਤੀ ਫੌਜ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹੈ ਅਤੇ ਦੁਖੀ ਪਰਿਵਾਰਾਂ ਨਾਲ ਏਕਤਾ ਵਿੱਚ ਖੜ੍ਹੀ ਹੈ, ਅਗਲੇਰੀ ਕਾਰਵਾਈ ਜਾਰੀ ਹੈ।
ਸ਼ਹੀਦ ਫੌਜੀ ਪ੍ਰਿਤਪਾਲ ਸਿੰਘ ਦੀ ਪਵਿੱਤਰ ਦੇਹ ਕੱਲ ਨੂੰ ਉਸਦੇ ਜੱਦੀ ਪਿੰਡ ਲਿਆਂਦੀ ਜਾਵੇਗੀ ਜਿੱਥੇ ਸ਼ਹੀਦ ਦਾ ਸਸਕਾਰ ਉਸਦੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।