ਹਰਿਆਣਾ :- ਹਰਿਆਣਾ ਦੇ ਸੀਨੀਅਰ ਆਈਪੀਐੱਸ ਅਫਸਰ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ਨੇ ਸਿਆਸਤ ਵਿੱਚ ਨਵਾਂ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਨਾਲ ਮਿਲਣ ਤੋਂ ਬਾਅਦ ਅੱਜ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਪਰਿਵਾਰ ਨੂੰ ਮਿਲ ਕੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇਹ ਇਕ ਅਣਸੁਣੀ ਅਤੇ ਦੁਖਦਾਈ ਘਟਨਾ ਹੈ, ਜਿਸ ਨੇ ਪੂਰੇ ਪ੍ਰਸ਼ਾਸਨਿਕ ਤੰਤਰ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਵੜਿੰਗ ਨੇ ਐਲਾਨਿਆ ਕੈਂਡਲ ਮਾਰਚ, ਕਿਹਾ—ਪਰਿਵਾਰ ਨੂੰ ਮਿਲੇਗਾ ਨਿਆਂ
ਰਾਜਾ ਵੜਿੰਗ ਨੇ ਦੱਸਿਆ ਕਿ ਭਲਕੇ ਪੂਰੇ ਪੰਜਾਬ ਵਿੱਚ ਵਾਈ. ਪੂਰਨ ਕੁਮਾਰ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਕਿਹਾ, “ਅਸੀਂ ਇਸ ਪਰਿਵਾਰ ਦੀ ਲੜਾਈ ਅਖੀਰ ਤੱਕ ਲੜਾਂਗੇ ਅਤੇ ਉਨ੍ਹਾਂ ਨੂੰ ਨਿਆਂ ਦਿਵਾ ਕੇ ਛੱਡਾਂਗੇ।” ਵੜਿੰਗ ਨੇ ਦੋਸ਼ ਲਾਇਆ ਕਿ ਸਰਕਾਰ ਦੇ ਦਬਾਅ ਹੇਠ ਚੰਡੀਗੜ੍ਹ ਪੁਲਿਸ ਜਾਂਚ ਕਰ ਰਹੀ ਹੈ ਅਤੇ ਪਰਿਵਾਰ ਨਾਲ ਅਨੁਚਿਤ ਵਰਤਾਅ ਹੋ ਰਿਹਾ ਹੈ।
“ਏ.ਡੀ.ਜੀ.ਪੀ. ਦੇ ਪਰਿਵਾਰ ਨੂੰ ਵੀ ਐਫਆਈਆਰ ਲਈ ਲੜਨਾ ਪਏ – ਇਹ ਪ੍ਰਣਾਲੀ ਦੀ ਹਾਰ”
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਇੱਕ ਸੀਨੀਅਰ ਅਧਿਕਾਰੀ ਦਾ ਪਰਿਵਾਰ ਹੀ ਐਫਆਈਆਰ ਦਰਜ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ, ਤਾਂ ਆਮ ਆਦਮੀ ਤੋਂ ਇਨਸਾਫ਼ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਨੇ ਇਸ ਸੰਵੇਦਨਸ਼ੀਲ ਮਾਮਲੇ ਨੂੰ ਇੱਕ “ਖੇਡ” ਬਣਾ ਦਿੱਤਾ ਹੈ, ਜੋ ਬੇਹੱਦ ਸ਼ਰਮਨਾਕ ਹੈ। ਵੜਿੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਵੇਲੇ ਵਿੱਚ ਪੀੜਤ ਪਰਿਵਾਰ ਦੇ ਨਾਲ ਖੜ੍ਹੇ ਹੋਣ।