ਨਾਭਾ :- ਨਾਭਾ – ਪਟਿਆਲਾ ਰੋਡ ‘ਤੇ ਅੱਜ ਸਵੇਰੇ ਹੋਏ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋ ਵਾਹਨਾਂ ਦੀ ਸਿੱਧੀ ਟੱਕਰ ਇੰਨੀ ਭਿਆਨਕ ਸੀ ਕਿ ਦੋਹਾਂ ਪਾਸਿਆਂ ਬੈਠੇ ਲੋਕ ਬਚ ਨਾ ਸਕੇ।
ਪ੍ਰਵੀਨ ਕੁਮਾਰ ਮਿੱਤਲ ਗੋਗੀ ਤੇ ਉਨ੍ਹਾਂ ਦੀ ਪਤਨੀ ਦੀ ਮੌਕੇ ‘ਤੇ ਮੌਤ
ਹਾਦਸੇ ਵਿੱਚ ਨਾਭਾ ਦੇ ਰਹਿਣ ਵਾਲੇ ਪ੍ਰਵੀਨ ਕੁਮਾਰ ਮਿੱਤਲ ਗੋਗੀ ਅਤੇ ਉਨ੍ਹਾਂ ਦੀ ਧਰਮ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਦੋਵੇਂ ਕਿਸੇ ਕੰਮ ਲਈ ਗੱਡੀ ‘ਚ ਨਿਕਲੇ ਸਨ, ਪਰ ਕੁਝ ਹੀ ਦੂਰ ਜਾ ਕੇ ਉਨ੍ਹਾਂ ਦੀ ਜ਼ਿੰਦਗੀ ਦਾ ਅੰਤ ਹੋ ਗਿਆ।
ਵਿਰੋਧੀ ਵਾਹਨ ਵਿੱਚ ਬੈਠੇ ਨੌਜਵਾਨ ਦੀ ਵੀ ਥਾਂ ਤੇ ਹੀ ਜਾਨ ਗਈ
ਸਾਹਮਣੇ ਤੋਂ ਆ ਰਹੀ ਗੱਡੀ ਵਿੱਚ ਸਵਾਰ ਨੌਜਵਾਨ ਵੀ ਟੱਕਰ ਦੀ ਚਪੇਟ ਵਿੱਚ ਆਇਆ, ਜਿਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਧੱਕਾ ਇੰਨਾ ਜ਼ੋਰਦਾਰ ਸੀ ਕਿ ਦੋਹਾਂ ਵਾਹਨਾਂ ਦੇ ਅੱਗਲੇ ਹਿੱਸੇ ਪੂਰੀ ਤਰ੍ਹਾਂ ਨਸ਼ਟ ਹੋ ਗਏ।
ਪਰਿਵਾਰ ਨੇ ਨਸ਼ੇ ਵਿੱਚ ਡਰਾਈਵ ਕਰਨ ਦੇ ਦੋਸ਼ ਲਗਾਏ
ਮ੍ਰਿਤਕ ਜੋੜੇ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਸਾਹਮਣੇ ਤੋਂ ਆ ਰਹੀ ਗੱਡੀ ਚਲਾਉਣ ਵਾਲਾ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੀ। ਉਨ੍ਹਾਂ ਦੀ ਮੰਗ ਹੈ ਕਿ ਪੁਲਿਸ ਇਸ ਅੰਗਲ ਦੀ ਗੰਭੀਰ ਜਾਂਚ ਕਰੇ ਤੇ ਸੱਚਾਈ ਸਾਹਮਣੇ ਲਿਆਏ।
ਪੁਲਿਸ ਵੱਲੋਂ ਜਾਂਚ ਸ਼ੁਰੂ, ਕਾਰਨਾਂ ਦੀ ਪੜਤਾਲ ਜਾਰੀ
ਮੌਕੇ ‘ਤੇ ਤੁਰੰਤ ਪੁਲਿਸ ਪਹੁੰਚੀ ਤੇ ਦੋਹਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਅਸਲ ਕਾਰਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਹੋਵੇਗੀ।

