ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਅਗਲੇ 20-25 ਦਿਨਾਂ ਵਿੱਚ ਪਿੰਡਾਂ ਦੀਆਂ 19 ਹਜ਼ਾਰ ਕਿਲੋਮੀਟਰ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਰਸ਼ੀ ਮੌਸਮ ਕਾਰਨ ਫ਼ਿਲਹਾਲ ਇਹ ਪ੍ਰੋਜੈਕਟ ਰੁਕਿਆ ਹੋਇਆ ਹੈ, ਪਰ ਅਗਲੇ ਮਹੀਨੇ ਤੋਂ ਪਿੰਡ ਵਾਸੀਆਂ ਨੂੰ ਨਵੀਆਂ ਤੇ ਮਜ਼ਬੂਤ ਸੜਕਾਂ ਮਿਲਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸੜਕਾਂ ਦੀ ਨਿਰਮਾਣ ਲਈ ਲੋੜੀਂਦਾ ਬਜਟ ਵੀ ਜਾਰੀ ਕੀਤਾ ਜਾ ਚੁੱਕਾ ਹੈ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਹੁਣ ਠੇਕੇਦਾਰਾਂ ਨੂੰ ਪਹਿਲਾਂ ਹੀ ਇਹ ਸ਼ਰਤ ਮੰਨਣੀ ਪਵੇਗੀ ਕਿ 5 ਸਾਲ ਤੱਕ ਸੜਕਾਂ ਵਿੱਚ ਕੋਈ ਟੁੱਟ-ਫੁੱਟ ਜਾਂ ਟੋਏ ਆਉਣ ‘ਤੇ ਮੁਰੰਮਤ ਉਹਨਾਂ ਨੂੰ ਆਪਣੇ ਖ਼ਰਚ ‘ਤੇ ਕਰਨੀ ਹੋਵੇਗੀ। ਇਸ ਤੋਂ ਇਲਾਵਾ, ਪੰਚਾਇਤ ਵੱਲੋਂ ਮਟੀਰੀਅਲ ਦੀ ਗੁਣਵੱਤਾ ਦੀ ਪੁਸ਼ਟੀ ਤੋਂ ਪਹਿਲਾਂ ਠੇਕੇਦਾਰਾਂ ਦੇ ਭੁਗਤਾਨ ਜਾਰੀ ਨਹੀਂ ਕੀਤੇ ਜਾਣਗੇ।
ਸ਼ਹੀਦ ਭਗਤ ਸਿੰਘ ਢਢੋਗਲ ਦੀ ਯਾਦ ‘ਚ ਦੋ ਸੜਕਾਂ ਦਾ ਨੀਂਹ ਪੱਥਰ
ਧੂਰੀ ਵਿੱਚ ਅਮਰ ਸ਼ਹੀਦ ਭਗਤ ਸਿੰਘ ਢਢੋਗਲ ਦੀ ਬਰਸੀ ਮੌਕੇ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਸ਼ਹੀਦਾਂ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਨੇ ਢਢੋਗਲ ਵਿਖੇ ਦੋ ਨਵੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ‘ਤੇ 17.21 ਕਰੋੜ ਰੁਪਏ ਦੀ ਲਾਗਤ ਆਵੇਗੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਢਢੋਗਲ ਦੀ ਸੜਕ ਦਾ ਨਾਂ ਸ਼ਹੀਦ ਭਗਤ ਸਿੰਘ ਢਢੋਗਲ ਦੇ ਨਾਂ ‘ਤੇ ਰੱਖਣ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।