ਫ਼ਰੀਦਕੋਟ :- ਜ਼ਿਲਾ ਮੈਜਿਸਟ੍ਰੇਟ ਫਰੀਦਕੋਟ, ਮੈਡਮ ਪੂਨਮਦੀਪ ਕੌਰ (ਆਈ.ਏ.ਐਸ.), ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਖੂਹ ਅਤੇ ਬੋਰਵੈੱਲ/ਟਿਊਬਵੈੱਲ ਖੁਦਾਈ ਅਤੇ ਮੁਰੰਮਤ ਨੂੰ ਸੁਰੱਖਿਅਤ ਬਣਾਉਣ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਇਹ ਕਦਮ ਲੋਕਾਂ ਅਤੇ ਬੱਚਿਆਂ ਨੂੰ ਡਿੱਗਣ ਦੇ ਖਤਰੇ ਅਤੇ ਮਾਲੀ ਨੁਕਸਾਨ ਤੋਂ ਬਚਾਉਣ ਲਈ ਲਿਆ ਗਿਆ ਹੈ।
ਖੂਹ ਅਤੇ ਬੋਰਵੈੱਲ ਖੁਦਾਈ ਲਈ ਲਾਜ਼ਮੀ ਪ੍ਰਕਿਰਿਆ
ਹੁਕਮਾਂ ਅਨੁਸਾਰ, ਜ਼ਮੀਨ ਮਾਲਕ ਖੂਹ ਜਾਂ ਬੋਰਵੈੱਲ ਪੁੱਟਣ ਤੋਂ ਪਹਿਲਾਂ 15 ਦਿਨ ਪਹਿਲਾਂ ਜ਼ਿਲਾ ਕੁਲੈਕਟਰ, ਸਰਪੰਚ/ਗ੍ਰਾਮ ਪੰਚਾਇਤ, ਨਗਰ ਕੌਂਸਲ, ਜਨ ਸਿਹਤ ਅਤੇ ਭੂਮੀ ਰੱਖਿਆ ਵਿਭਾਗ ਨੂੰ ਸੂਚਿਤ ਕਰੇਗਾ। ਖੂਹ/ਬੋਰਵੈੱਲ ਪੁੱਟਣ ਵਾਲੀਆਂ ਸਾਰੀਆਂ ਏਜੰਸੀਆਂ—ਸਰਕਾਰੀ, ਅਰਧ-ਸਰਕਾਰੀ ਜਾਂ ਪ੍ਰਾਈਵੇਟ—ਦਾ ਰਜਿਸਟ੍ਰੇਸ਼ਨ ਹੋਣਾ ਜ਼ਰੂਰੀ ਹੈ।
ਸਾਈਟ ਤੇ ਸੁਰੱਖਿਆ ਦੇ ਨਿਯਮ
ਖੂਹ/ਬੋਰਵੈੱਲ ਵਾਲੀ ਥਾਂ ਤੇ ਸਪਸ਼ਟ ਸਾਈਨ ਬੋਰਡ ਲਗਾਇਆ ਜਾਵੇਗਾ, ਜਿਸ ‘ਤੇ ਡਰਿਲਿੰਗ ਏਜੰਸੀ ਅਤੇ ਉਸਦਾ ਰਜਿਸਟ੍ਰੇਸ਼ਨ ਨੰਬਰ ਦਰਸਾਇਆ ਹੋਵੇ। ਬੋਰਵੈੱਲ ਦੇ ਆਲੇ-ਦੁਆਲੇ ਕੰਡਿਆਲੀ ਤਾਰ ਅਤੇ ਸਟੀਲ ਪਲੇਟ ਨਾਲ ਕਵਰ ਕਰਕੇ ਸੁਰੱਖਿਆ ਯਕੀਨੀ ਬਣਾਈ ਜਾਵੇਗੀ।
ਮੁਰੰਮਤ ਤੋਂ ਬਾਅਦ ਦੀ ਪ੍ਰਕਿਰਿਆ
ਖਾਲੀ ਥਾਂ ਨੂੰ ਮਿੱਟੀ ਜਾਂ ਰੇਤ ਨਾਲ ਭਰਿਆ ਜਾਵੇਗਾ ਅਤੇ ਜ਼ਮੀਨੀ ਲੈਵਲ ਨੂੰ ਮੁੜ ਪਹਿਲੇ ਹਾਲਤ ‘ਚ ਲਿਆ ਜਾਵੇਗਾ। ਪੇਂਡੂ ਖੇਤਰ ਵਿੱਚ ਸਰਪੰਚ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਸ਼ਹਿਰੀ ਖੇਤਰ ਵਿੱਚ ਜਨ ਸਿਹਤ, ਭੂਮੀ ਰੱਖਿਆ ਅਤੇ ਨਗਰ ਕੌਂਸਲ ਦੇ ਅਧਿਕਾਰੀ ਆਪਣੀ-ਆਪਣੀ ਜ਼ਿੰਮੇਵਾਰੀ ਅਨੁਸਾਰ ਰਿਪੋਰਟ ਹਰ ਮਹੀਨੇ ਤਿਆਰ ਕਰਨਗੇ।
ਇਹ ਨਿਰਦੇਸ਼ 13 ਦਸੰਬਰ 2025 ਤੱਕ ਪ੍ਰਭਾਵੀ ਰਹਿਣਗੇ।