ਚੰਡੀਗੜ੍ਹ :- ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਮੁਤਾਬਕ ਅਗਲੇ ਕਰੀਬ ਇੱਕ ਹਫ਼ਤੇ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ ਹੈ। ਇਸ ਦੌਰਾਨ ਆਮ ਤੌਰ ‘ਤੇ ਅਸਮਾਨ ਸਾਫ਼ ਰਹੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਭਾਰੀ ਬਾਰਿਸ਼ ਜਾਂ ਗਰਜ-ਚਮਕ ਨਾਲ ਸੰਬੰਧਤ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਹਾਲਾਂਕਿ ਅੱਜ ਦੇ ਦਿਨ ਕੁਝ ਖੇਤਰਾਂ ਵਿੱਚ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ।
ਤਾਪਮਾਨ ਵਿੱਚ ਗਿਰਾਵਟ, ਆਮ ਨਾਲੋਂ ਕਾਫ਼ੀ ਘੱਟ ਦਰਜ
ਪਿਛਲੇ ਦਿਨਾਂ ਦੌਰਾਨ ਮੈਦਾਨੀ ਇਲਾਕਿਆਂ ਵਿੱਚ ਪਈ ਬਾਰਿਸ਼ ਅਤੇ ਪਹਾੜੀ ਖੇਤਰਾਂ ਵਿੱਚ ਹੋਈ ਬਰਫ਼ਬਾਰੀ ਦਾ ਅਸਰ ਤਾਪਮਾਨ ‘ਤੇ ਸਾਫ਼ ਵੇਖਣ ਨੂੰ ਮਿਲਿਆ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਲਗਭਗ 0.3 ਡਿਗਰੀ ਦੀ ਕਮੀ ਦਰਜ ਹੋਈ ਹੈ ਅਤੇ ਇਹ ਹੁਣ ਆਮ ਦਰ ਤੋਂ ਕਰੀਬ 7.2 ਡਿਗਰੀ ਘੱਟ ਚੱਲ ਰਿਹਾ ਹੈ। ਹੁਸ਼ਿਆਰਪੁਰ ਵਿੱਚ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ 22.2 ਡਿਗਰੀ ਦਰਜ ਕੀਤਾ ਗਿਆ।
ਅੱਜ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਦੇ ਚਾਂਸ
ਮੌਸਮ ਵਿਭਾਗ ਅਨੁਸਾਰ ਅੱਜ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੁਹਾਲੀ ਵਿੱਚ ਛਿੱਟੇ ਵੱਜੋਂ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਵੀ ਕਿਤੇ-ਕਿਤੇ ਬੂੰਦਾਬਾਂਦੀ ਦੇ ਆਸਾਰ ਹਨ।
ਪਿਛਲੇ 24 ਘੰਟਿਆਂ ਦੌਰਾਨ ਵਧੀਆ ਬਾਰਿਸ਼ ਦਰਜ
ਪਿਛਲੇ ਇੱਕ ਦਿਨ ਵਿੱਚ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ, ਜਦਕਿ ਕੁਝ ਥਾਵਾਂ ‘ਤੇ ਗੜੇਮਾਰੀ ਅਤੇ ਬਿਜਲੀ ਚਮਕਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਸੂਬੇ ਭਰ ਵਿੱਚ ਔਸਤ 13.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਕਿ ਆਮ ਮਾਤਰਾ 3.4 ਮਿਲੀਮੀਟਰ ਨਾਲੋਂ ਕਾਫ਼ੀ ਵੱਧ ਹੈ। ਜ਼ਿਲ੍ਹਾ ਪੱਧਰ ‘ਤੇ ਮੋਗਾ ਵਿੱਚ ਸਭ ਤੋਂ ਵੱਧ ਕਰੀਬ 40 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਇਸ ਮੌਸਮੀ ਤਬਦੀਲੀ ਨੂੰ ਦਰਸਾਉਂਦੀ ਹੈ।

