ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਦਾ ਰੂਪ ਬਦਲਣ ਦੀ ਸੰਭਾਵਨਾ ਬਣ ਰਹੀ ਹੈ। ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸ਼ਨੀਵਾਰ ਤੋਂ ਲਗਾਤਾਰ ਚਾਰ ਦਿਨ ਤੱਕ ਕਈ ਇਲਾਕਿਆਂ ਵਿੱਚ ਗਰਜ-ਤੂਫ਼ਾਨ ਦੇ ਨਾਲ ਮੀਂਹ ਪੈ ਸਕਦਾ ਹੈ ਅਤੇ ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਨੇ ਪੀਲਾ ਅਲਰਟ ਜਾਰੀ ਕੀਤਾ ਹੈ। ਅੱਜ ਦੇ ਦਿਨ ਮੌਸਮ ਵਧੇਰੇ ਖੁਸ਼ਕ ਰਹਿਣ ਦੀ ਉਮੀਦ ਹੈ, ਹਾਲਾਂਕਿ ਕੁਝ ਇਲਾਕਿਆਂ ਵਿੱਚ ਹਲਕੀ ਬੱਦਲਵਾਈ ਦੇ ਦਰਸ਼ਨ ਹੋ ਸਕਦੇ ਹਨ।
ਪਹਾੜੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਬਾਰਿਸ਼ ਦਰਜ
ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕੁਝ ਉੱਤਰੀ ਇਲਾਕਿਆਂ ਵਿੱਚ ਮੌਸਮ ਨੇ ਹਲਕਾ ਰੁੱਖ ਬਦਲਿਆ ਹੈ। ਪਹਾੜੀ ਖੇਤਰਾਂ ਦੇ ਨੇੜੇ ਸਥਿਤ ਪਠਾਨਕੋਟ ਅਤੇ ਅੰਮ੍ਰਿਤਸਰ ਵਿੱਚ ਸਵੇਰੇ ਸਮੇਂ ਹਲਕੀ ਬਾਰਿਸ਼ ਦਰਜ ਕੀਤੀ ਗਈ। ਇਸ ਦੇ ਬਾਵਜੂਦ ਸੂਬੇ ਦੇ ਔਸਤ ਤਾਪਮਾਨ ਵਿੱਚ ਵੱਡਾ ਫਰਕ ਨਹੀਂ ਆਇਆ ਅਤੇ ਇਹ ਆਮ ਨਾਲੋਂ ਲਗਭਗ 3.8 ਡਿਗਰੀ ਵੱਧ ਰਿਹਾ। ਇਸ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਭ ਤੋਂ ਵੱਧ 33.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 30 ਡਿਗਰੀ ਤੋਂ ਉੱਪਰ
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਸੂਬੇ ਦੇ ਕਈ ਹਿੱਸਿਆਂ ਵਿੱਚ ਗਰਮੀ ਦਾ ਅਸਰ ਜਾਰੀ ਹੈ ਅਤੇ ਸੱਤ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਰੂਪਨਗਰ ਵਿੱਚ 33.5 ਡਿਗਰੀ ਸੈਲਸੀਅਸ ਤਾਪਮਾਨ ਰਿਹਾ, ਜਦਕਿ ਮੋਹਾਲੀ ਵਿੱਚ 32.7 ਡਿਗਰੀ ਅਤੇ ਪਟਿਆਲਾ ਤੇ ਫਰੀਦਕੋਟ ਵਿੱਚ 32.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹੁਸ਼ਿਆਰਪੁਰ ਅਤੇ ਐਸਬੀਐਸ ਨਗਰ ਵਿੱਚ 31.5 ਡਿਗਰੀ ਅਤੇ ਲੁਧਿਆਣਾ ਵਿੱਚ 30.8 ਡਿਗਰੀ ਤਾਪਮਾਨ ਰਿਹਾ। ਚੰਡੀਗੜ੍ਹ ਵਿੱਚ ਵੀ ਪਾਰਾ 33.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
20 ਮਾਰਚ ਤੱਕ ਮੌਸਮ ਦਾ ਰੁਝਾਨ
ਮੌਸਮ ਮਾਹਿਰਾਂ ਅਨੁਸਾਰ ਰਾਜ ਦੇ ਪੂਰਬੀ ਹਿੱਸਿਆਂ ਵਿੱਚ 20 ਮਾਰਚ ਤੱਕ ਕਦੇ-ਕਦੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੱਤਰੀ ਅਤੇ ਪੂਰਬੀ ਖੇਤਰਾਂ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 26 ਤੋਂ 28 ਡਿਗਰੀ ਦੇ ਵਿਚਕਾਰ ਰਹਿਣ ਦਾ ਅੰਦਾਜ਼ਾ ਹੈ, ਜਦਕਿ ਕੇਂਦਰੀ ਖੇਤਰਾਂ ਵਿੱਚ ਇਹ 28 ਤੋਂ 30 ਡਿਗਰੀ ਦੇ ਨੇੜੇ ਰਹਿ ਸਕਦਾ ਹੈ। ਦੱਖਣੀ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 30 ਤੋਂ 32 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਕੁੱਲ ਮਿਲਾ ਕੇ ਇਸ ਹਫ਼ਤੇ ਦਿਨ ਦੇ ਤਾਪਮਾਨ ਵਿੱਚ ਆਮ ਨਾਲੋਂ ਹਲਕਾ ਵਾਧਾ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।
ਰਾਤ ਦੇ ਤਾਪਮਾਨ ਵਿੱਚ ਵੱਡਾ ਫਰਕ ਨਹੀਂ
ਅਗਲੇ ਕੁਝ ਦਿਨਾਂ ਦੌਰਾਨ ਰਾਤ ਦੇ ਤਾਪਮਾਨ ਵਿੱਚ ਵੱਡਾ ਉਤਾਰ-ਚੜ੍ਹਾਅ ਨਹੀਂ ਆਵੇਗਾ। ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ 12 ਤੋਂ 14 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ, ਜਦਕਿ ਦੱਖਣੀ ਹਿੱਸਿਆਂ ਵਿੱਚ ਇਹ 14 ਤੋਂ 16 ਡਿਗਰੀ ਤੱਕ ਰਹਿ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਰਾਤ ਦਾ ਤਾਪਮਾਨ ਵੀ ਆਮ ਜਾਂ ਥੋੜ੍ਹਾ ਵੱਧ ਰਹਿ ਸਕਦਾ ਹੈ।
ਅਗਲੇ 48 ਘੰਟਿਆਂ ਵਿੱਚ ਤਾਪਮਾਨ ਵਿੱਚ ਹਲਕੀ ਕਮੀ ਸੰਭਵ
ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਮੁਤਾਬਕ 14 ਤੋਂ 17 ਮਾਰਚ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਦਾ ਦਿਨ ਖੁਸ਼ਕ ਰਹਿਣ ਦੀ ਉਮੀਦ ਹੈ, ਪਰ ਅਗਲੇ 48 ਘੰਟਿਆਂ ਦੌਰਾਨ ਦਿਨ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਤੱਕ ਦੀ ਕਮੀ ਆ ਸਕਦੀ ਹੈ। ਇਸ ਤੋਂ ਬਾਅਦ ਤਾਪਮਾਨ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ।

