ਚੰਡੀਗੜ੍ਹ :- ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਰਾਤਾਂ ਆਮ ਨਾਲੋਂ ਕਾਫੀ ਗਰਮ ਰਹੀਆਂ ਹਨ। ਘੱਟੋ-ਘੱਟ ਤਾਪਮਾਨ ਆਮ ਤੋਂ ਲਗਭਗ 4.6 ਡਿਗਰੀ ਸੈਲਸੀਅਸ ਜ਼ਿਆਦਾ ਦਰਜ ਹੋਣ ਕਾਰਨ ਲੋਕ ਹੁੰਮਸ ਅਤੇ ਗਰਮੀ ਨਾਲ ਪਰੇਸ਼ਾਨ ਹਨ। ਪਿਛਲੇ 24 ਘੰਟਿਆਂ ਵਿੱਚ ਮਾਨਸਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਪਾਰਾ 36.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਪੱਛਮੀ ਗੜਬੜ ਸਰਗਰਮ, ਬਦਲਾਅ ਦੇ ਸੰਕੇਤ
ਮੌਸਮ ਵਿਭਾਗ (IMD) ਮੁਤਾਬਕ, ਇੱਕ ਨਵਾਂ ਪੱਛਮੀ ਗੜਬੜ (Western Disturbance) ਸਰਗਰਮ ਹੋ ਗਿਆ ਹੈ। ਇਸ ਕਾਰਨ ਅਗਲੇ ਕੁਝ ਦਿਨਾਂ ਵਿੱਚ ਰਾਤਾਂ ਦੀ ਗਰਮੀ ਘੱਟਣ ਅਤੇ ਹੁੰਮਸ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।
5 ਤੋਂ 7 ਅਕਤੂਬਰ ਤੱਕ ਮੀਂਹ ਦੀ ਚੇਤਾਵਨੀ
ਮੌਸਮ ਵਿਭਾਗ ਨੇ 5 ਅਕਤੂਬਰ ਤੋਂ 7 ਅਕਤੂਬਰ ਤੱਕ ਸੂਬੇ ਦੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਇਸ ਦੌਰਾਨ ਕੁਝ ਇਲਾਕਿਆਂ ਵਿੱਚ ਬੱਦਲ ਛਾਏ ਰਹਿਣ ਅਤੇ ਕਿਤੇ-ਕਿਤੇ ਬੂੰਦਾਬਾਂਦੀ ਦੇ ਆਸਾਰ ਹਨ।
ਮੀਂਹ ਤੋਂ ਬਾਅਦ ਤਾਪਮਾਨ ਵਿੱਚ ਖਾਸ ਗਿਰਾਵਟ ਆਉਣ ਦੀ ਉਮੀਦ ਹੈ, ਜਿਸ ਨਾਲ ਲੋਕਾਂ ਨੂੰ ਹੁੰਮਸ ਵਾਲੀ ਗਰਮੀ ਤੋਂ ਰਾਹਤ ਮਿਲੇਗੀ।
ਪ੍ਰਮੁੱਖ ਸ਼ਹਿਰਾਂ ਵਿੱਚ ਅੱਜ ਦਾ ਮੌਸਮ
ਪਠਾਨਕੋਟ: ਵੱਧ ਤੋਂ ਵੱਧ ਤਾਪਮਾਨ 33.3°C ਅਤੇ ਘੱਟੋ-ਘੱਟ 24.4°C। ਅੱਜ ਮੀਂਹ ਪੈ ਸਕਦਾ ਹੈ।
ਗੁਰਦਾਸਪੁਰ: ਵੱਧ ਤੋਂ ਵੱਧ 33°C, ਘੱਟੋ-ਘੱਟ 23°C। ਅੱਜ ਮੀਂਹ ਦੇ ਆਸਾਰ।
ਹੁਸ਼ਿਆਰਪੁਰ: ਅੱਜ ਬਾਰਿਸ਼ ਦੀ ਸੰਭਾਵਨਾ।
ਅੰਮ੍ਰਿਤਸਰ: ਵੱਧ ਤੋਂ ਵੱਧ 34.6°C, ਘੱਟੋ-ਘੱਟ 24.2°C। ਅੱਜ ਅਸਮਾਨ ਸਾਫ਼, ਪਰ ਕੱਲ੍ਹ ਮੀਂਹ ਪੈ ਸਕਦਾ ਹੈ।
ਜਲੰਧਰ: ਅੱਜ ਅਸਮਾਨ ਸਾਫ਼, ਕੱਲ੍ਹ ਬਾਰਿਸ਼ ਦੀ ਸੰਭਾਵਨਾ। ਤਾਪਮਾਨ 24°C ਤੋਂ 32°C।
ਲੁਧਿਆਣਾ: ਵੱਧ ਤੋਂ ਵੱਧ 33.8°C, ਘੱਟੋ-ਘੱਟ 24.8°C। ਅੱਜ ਅਸਮਾਨ ਸਾਫ਼ ਰਹੇਗਾ।
ਪਟਿਆਲਾ: ਵੱਧ ਤੋਂ ਵੱਧ 35.4°C, ਘੱਟੋ-ਘੱਟ 25.7°C। ਅੱਜ ਅਸਮਾਨ ਸਾਫ਼।
ਮੋਹਾਲੀ: ਤਾਪਮਾਨ 24°C ਤੋਂ 33°C, ਅੱਜ ਅਸਮਾਨ ਸਾਫ਼ ਰਹੇਗਾ।
ਲੋਕਾਂ ਨੂੰ ਮਿਲੇਗੀ ਰਾਹਤ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬਾਰਿਸ਼ ਨਾਲ ਨਾ ਸਿਰਫ਼ ਤਾਪਮਾਨ ਘਟੇਗਾ, ਸਗੋਂ ਹੁੰਮਸ ਭਰੀ ਹਵਾ ਤੋਂ ਵੀ ਰਾਹਤ ਮਿਲੇਗੀ। ਖੇਤੀਬਾੜੀ ਲਈ ਵੀ ਇਹ ਮੀਂਹ ਫਾਇਦੇਮੰਦ ਸਾਬਤ ਹੋ ਸਕਦਾ ਹੈ।