ਚੰਡੀਗੜ੍ਹ :- ਪਿਛਲੇ ਦਿਨਾਂ ਦੌਰਾਨ ਹੋਈ ਲਗਾਤਾਰ ਬਾਰਿਸ਼ ਅਤੇ ਗਰਜ-ਚਮਕ ਤੋਂ ਬਾਅਦ ਹੁਣ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਸੁਧਾਰ ਦਾ ਰੁਖ ਅਖ਼ਤਿਆਰ ਕਰ ਲਿਆ ਹੈ। ਮੌਸਮ ਵਿਭਾਗ ਮੁਤਾਬਕ 15 ਅਪ੍ਰੈਲ ਤੱਕ ਕਿਸੇ ਵੀ ਤਰ੍ਹਾਂ ਦੀ ਵਰਖਾ ਜਾਂ ਗਰਜ-ਚਮਕ ਦੀ ਸੰਭਾਵਨਾ ਨਹੀਂ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਤੇ ਸਾਫ਼ ਰਹਿਣ ਦੀ ਉਮੀਦ ਹੈ।
ਤਾਪਮਾਨ ਵਿੱਚ ਵਾਧਾ, ਪਰ ਹਾਲੇ ਵੀ ਆਮ ਤੋਂ ਹੇਠਾਂ
ਤਾਜ਼ਾ ਅੰਕੜਿਆਂ ਅਨੁਸਾਰ ਦਿਨ ਦਾ ਤਾਪਮਾਨ ਹੌਲੀ-ਹੌਲੀ ਚੜ੍ਹਾਈ ਵੱਲ ਵੱਧ ਰਿਹਾ ਹੈ। ਅੱਜ ਵੱਧ ਤੋਂ ਵੱਧ ਤਾਪਮਾਨ ਵਿੱਚ ਕਰੀਬ 2.8 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਹਾਲਾਂਕਿ ਇਹ ਮੌਸਮੀ ਔਸਤ ਨਾਲੋਂ ਅਜੇ ਵੀ ਲਗਭਗ 4.8 ਡਿਗਰੀ ਘੱਟ ਹੈ। ਸਵੇਰੇ ਅਤੇ ਸ਼ਾਮ ਦੇ ਵੇਲੇ ਹਲਕੀ ਠੰਢ ਦਾ ਅਹਿਸਾਸ ਜਾਰੀ ਹੈ, ਜਿਸ ਨਾਲ ਲੋਕਾਂ ਨੂੰ ਅਜੇ ਵੀ ਬਸੰਤੀ ਠੰਢ ਦਾ ਅਨੁਭਵ ਹੋ ਰਿਹਾ ਹੈ।
ਹੁਸ਼ਿਆਰਪੁਰ ਤੇ ਅੰਮ੍ਰਿਤਸਰ ਸਭ ਤੋਂ ਠੰਢੇ, ਚੰਡੀਗੜ੍ਹ ਵਿੱਚ ਵਧੇਰੇ ਤਾਪਮਾਨ
ਸੂਬੇ ਵਿੱਚ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਵਿੱਚ 26.4 ਡਿਗਰੀ ਸੈਲਸੀਅਸ ਰਿਹਾ, ਜਦਕਿ ਚੰਡੀਗੜ੍ਹ ਵਿੱਚ ਇਹ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਅੰਕੜੇ ਦਰਸਾਉਂਦੇ ਹਨ ਕਿ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਹੋ ਰਿਹਾ ਹੈ, ਪਰ ਅਜੇ ਵੀ ਗਰਮੀ ਨੇ ਪੂਰੀ ਤਰ੍ਹਾਂ ਦਸਤਕ ਨਹੀਂ ਦਿੱਤੀ।
ਉੱਤਰੀ ਭਾਰਤ ‘ਚ ਮੌਸਮੀ ਹਲਚਲ ਜਾਰੀ
ਮੌਸਮ ਵਿਭਾਗ ਦੇ ਅਨੁਸਾਰ ਇਸ ਵੇਲੇ ਪੱਛਮੀ ਗੜਬੜੀ ਜੰਮੂ-ਕਸ਼ਮੀਰ ਅਤੇ ਨੇੜਲੇ ਖੇਤਰਾਂ ‘ਚ ਸਰਗਰਮ ਹੈ, ਜਿਸ ਕਾਰਨ ਉੱਥੇ ਬੱਦਲ ਛਾਏ ਹੋਏ ਹਨ ਅਤੇ ਕਿਤੇ-ਕਿਤੇ ਹਲਕੀ ਵਰਖਾ ਨਾਲ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਵੀ ਦਰਜ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉੱਤਰ-ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਉੱਤੇ ਉੱਪਰੀ ਹਵਾਈ ਚੱਕਰਵਾਤੀ ਦਬਾਅ ਬਣਿਆ ਹੋਇਆ ਹੈ, ਜਿਸ ਨੂੰ ਉੱਚ-ਉਚਾਈ ਵਾਲੀਆਂ ਹਵਾਵਾਂ ਹੋਰ ਤਾਕਤ ਦੇ ਰਹੀਆਂ ਹਨ।
15 ਅਪ੍ਰੈਲ ਤੋਂ ਬਾਅਦ ਮੁੜ ਤਬਦੀਲੀ ਦੇ ਅਸਾਰ
ਅਗਲੇ ਹਫ਼ਤੇ ਦੇ ਵਿਚਕਾਰ ਇੱਕ ਹੋਰ ਨਵੀਂ ਪੱਛਮੀ ਗੜਬੜੀ ਪੱਛਮੀ ਹਿਮਾਲਿਆਈ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਦੇ ਨਤੀਜੇ ਵਜੋਂ ਉੱਥੇ ਮੌਸਮ ਵਿੱਚ ਫਿਰ ਤਬਦੀਲੀ ਆ ਸਕਦੀ ਹੈ, ਜਿਸਦਾ ਅਸਰ ਆਗੇ ਚੱਲ ਕੇ ਮੈਦਾਨੀ ਇਲਾਕਿਆਂ ‘ਚ ਵੀ ਵੇਖਣ ਨੂੰ ਮਿਲ ਸਕਦਾ ਹੈ।

