ਚੰਡੀਗੜ੍ਹ :– ਪੰਜਾਬ ਵਿੱਚ ਇਕ ਵਾਰ ਫਿਰ ਮੌਸਮ ਨੇ ਅਚਾਨਕ ਰੁਖ ਬਦਲ ਲਿਆ ਹੈ। ਸਰਦੀਆਂ ਦੇ ਖ਼ਤਮ ਹੋਣ ਦੀਆਂ ਉਮੀਦਾਂ ਦਰਮਿਆਨ ਮੌਸਮ ਵਿਭਾਗ ਦੀ ਤਾਜ਼ਾ ਚੇਤਾਵਨੀ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ 22 ਜਨਵਰੀ ਤੋਂ ਸੂਬੇ ਵਿੱਚ ਚਾਰ ਦਿਨ ਤੱਕ ਮੀਂਹ, ਤੇਜ਼ ਹਵਾਵਾਂ ਅਤੇ ਗਰਜ-ਤੂਫ਼ਾਨ ਦੇ ਹਾਲਾਤ ਬਣ ਸਕਦੇ ਹਨ।
22 ਤੋਂ 25 ਜਨਵਰੀ ਤੱਕ ਮੀਂਹ ਦਾ ਦੌਰ ਰਹੇਗਾ ਜਾਰੀ
ਮੌਸਮ ਵਿਭਾਗ ਅਨੁਸਾਰ 22 ਤੋਂ 25 ਜਨਵਰੀ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਕੁਝ ਇਲਾਕਿਆਂ ਵਿੱਚ ਗਰਜ-ਚਮਕ ਅਤੇ ਬਿਜਲੀ ਡਿੱਗਣ ਦਾ ਵੀ ਖ਼ਤਰਾ ਜਤਾਇਆ ਗਿਆ ਹੈ।
ਤਾਪਮਾਨ ’ਚ ਆ ਸਕਦੀ ਹੈ 3 ਤੋਂ 4 ਡਿਗਰੀ ਦੀ ਗਿਰਾਵਟ
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਅਤੇ ਬਦਲਾਂ ਦੀ ਆਵਾਜਾਈ ਕਾਰਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਤੱਕ ਕਮੀ ਆ ਸਕਦੀ ਹੈ, ਜਿਸ ਨਾਲ ਠੰਢ ਇਕ ਵਾਰ ਫਿਰ ਵਧਣ ਦੇ ਆਸਾਰ ਹਨ।
ਅੰਮ੍ਰਿਤਸਰ ਸਭ ਤੋਂ ਠੰਢਾ, ਧੁੰਦ ਨੇ ਵਧਾਈ ਮੁਸ਼ਕਲ
ਸੋਮਵਾਰ ਨੂੰ ਪੰਜਾਬ ਭਰ ਵਿੱਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦਾ ਪ੍ਰਭਾਵ ਸਪਸ਼ਟ ਨਜ਼ਰ ਆਇਆ। ਸੂਬੇ ਵਿੱਚ ਸਭ ਤੋਂ ਘੱਟ ਤਾਪਮਾਨ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ, ਜਿੱਥੇ ਪਾਰਾ 2.9 ਡਿਗਰੀ ਸੈਲਸੀਅਸ ਤੱਕ ਲੁੜਕ ਗਿਆ, ਜੋ ਆਮ ਨਾਲੋਂ ਇੱਕ ਡਿਗਰੀ ਘੱਟ ਰਿਹਾ।
ਅੰਮ੍ਰਿਤਸਰ ਵਿੱਚ ਧੁੰਦ ਕਾਰਨ ਦ੍ਰਿਸ਼ਟੀ ਲਗਭਗ ਜ਼ੀਰੋ ਦਰਜ ਕੀਤੀ ਗਈ, ਜਦਕਿ ਬਠਿੰਡਾ ਵਿੱਚ ਇਹ ਸਿਰਫ਼ 80 ਮੀਟਰ ਤੱਕ ਸੀਮਿਤ ਰਹੀ। ਹਾਲਾਂਕਿ ਸੂਬੇ ਦਾ ਔਸਤ ਘੱਟੋ-ਘੱਟ ਤਾਪਮਾਨ 0.7 ਡਿਗਰੀ ਵਧਿਆ, ਪਰ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਪਾਰਾ ਆਮ ਨਾਲੋਂ ਹੇਠਾਂ ਰਿਹਾ।
ਧੁੰਦ ਕਾਰਨ ਹਵਾਈ ਉਡਾਣਾਂ ਪ੍ਰਭਾਵਿਤ
ਸੰਘਣੀ ਧੁੰਦ ਦਾ ਅਸਰ ਹਵਾਈ ਆਵਾਜਾਈ ’ਤੇ ਵੀ ਵੇਖਣ ਨੂੰ ਮਿਲਿਆ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਈ ਘਰੇਲੂ ਉਡਾਣਾਂ ਦੇਰੀ ਨਾਲ ਚੱਲੀਆਂ, ਜਦਕਿ ਇੱਕ ਅੰਤਰਰਾਸ਼ਟਰੀ ਉਡਾਣ ਰੱਦ ਕਰਨੀ ਪਈ।
ਹਵਾਈ ਅੱਡਾ ਸੂਤਰਾਂ ਅਨੁਸਾਰ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਇੰਡੀਗੋ ਦੀ ਉਡਾਣ 6E-5188 ਇੱਕ ਘੰਟੇ ਤੋਂ ਵੱਧ ਦੇਰੀ ਨਾਲ ਰਵਾਨਾ ਹੋਈ।
ਅਗਲੇ ਦਿਨਾਂ ਲਈ ਸਾਵਧਾਨੀ ਦੀ ਅਪੀਲ
ਮੌਸਮ ਵਿਭਾਗ ਨੇ ਕਿਸਾਨਾਂ, ਯਾਤਰੀਆਂ ਅਤੇ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਫ਼ਸਲਾਂ, ਆਵਾਜਾਈ ਅਤੇ ਰੋਜ਼ਾਨਾ ਜੀਵਨ ਪ੍ਰਭਾਵਿਤ ਹੋ ਸਕਦਾ ਹੈ। ਅਧਿਕਾਰੀਆਂ ਵੱਲੋਂ ਲੋਕਾਂ ਨੂੰ ਮੌਸਮੀ ਅੱਪਡੇਟਸ ’ਤੇ ਨਜ਼ਰ ਬਣਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ

