ਚੰਡੀਗੜ੍ਹ :- ਪੰਜਾਬ ਵਿੱਚ ਮੌਸਮ ਨੇ ਪੂਰੀ ਤਰ੍ਹਾਂ ਕਰਵਟ ਬਦਲ ਲਈ ਹੈ ਅਤੇ ਠੰਢ ਦਾ ਦੌਰ ਲਗਭਗ ਖ਼ਤਮ ਹੋ ਗਿਆ ਹੈ। ਸਵੇਰੇ ਅਤੇ ਸ਼ਾਮ ਵੇਲੇ ਹਲਕੀ ਠੰਢ ਮਹਿਸੂਸ ਕੀਤੀ ਜਾ ਰਹੀ ਹੈ, ਪਰ ਦਿਨ ਦੌਰਾਨ ਤਿੱਖੀ ਧੁੱਪ ਕਾਰਨ ਗਰਮੀ ਵਰਗਾ ਅਹਿਸਾਸ ਹੋ ਰਿਹਾ ਹੈ। ਮੌਸਮੀ ਕੇਂਦਰ ਵੱਲੋਂ ਜਾਰੀ ਤਾਜ਼ਾ ਅਨੁਮਾਨ ਅਨੁਸਾਰ ਅਗਲੇ ਸੱਤ ਦਿਨਾਂ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਸੁੱਕਾ ਹੀ ਬਣਿਆ ਰਹੇਗਾ।
ਧੁੱਪ ਦੇ ਪ੍ਰਭਾਵ ਨਾਲ ਦਿਨਾਂ ਦੀ ਗਰਮੀ ਵਧੀ
ਪਿਛਲੇ ਕੁਝ ਦਿਨਾਂ ਦੌਰਾਨ ਦਿਨ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਬੀਤੇ ਚੌਵੀ ਘੰਟਿਆਂ ਵਿੱਚ ਔਸਤ ਤਾਪਮਾਨ ਕਰੀਬ ਇੱਕ ਡਿਗਰੀ ਸੈਲਸੀਅਸ ਵਧਿਆ, ਜੋ ਆਮ ਮਿਆਰ ਨਾਲੋਂ ਕਾਫ਼ੀ ਉੱਪਰ ਦਰਜ ਹੋਇਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 28.8 ਡਿਗਰੀ ਸੈਲਸੀਅਸ ਫਰੀਦਕੋਟ ਵਿੱਚ ਦਰਜ ਕੀਤਾ ਗਿਆ। ਕਈ ਥਾਵਾਂ ‘ਤੇ ਸਵੇਰੇ ਹਲਕੀ ਧੁੰਦ ਵੀ ਵੇਖੀ ਗਈ, ਪਰ ਦਿਨ ਚੜ੍ਹਦੇ ਹੀ ਆਸਮਾਨ ਸਾਫ਼ ਹੋ ਗਿਆ ਅਤੇ ਧੁੱਪ ਤਿੱਖੀ ਰਹੀ।
ਮੀਂਹ ਦੀ ਘਾਟ ਨੇ ਵਧਾਈ ਚਿੰਤਾ
ਇਸ ਮਹੀਨੇ ਦੌਰਾਨ ਵਰਖਾ ਦੀ ਮਾਤਰਾ ਆਮ ਨਾਲੋਂ ਕਾਫ਼ੀ ਘੱਟ ਰਹੀ ਹੈ। ਮੌਸਮੀ ਅੰਕੜਿਆਂ ਮੁਤਾਬਕ ਹੁਣ ਤੱਕ ਨਗਣ ਮੀਂਹ ਹੀ ਦਰਜ ਕੀਤਾ ਗਿਆ ਹੈ, ਜਦਕਿ ਆਮ ਤੌਰ ‘ਤੇ ਇਸ ਅਰਸੇ ਵਿੱਚ ਕਾਫ਼ੀ ਵੱਧ ਵਰਖਾ ਹੁੰਦੀ ਹੈ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਜਾਂ ਤਾਂ ਬਿਲਕੁਲ ਮੀਂਹ ਨਹੀਂ ਪਿਆ ਜਾਂ ਬਹੁਤ ਹੀ ਘੱਟ ਬੂੰਦਾਬਾਂਦੀ ਹੋਈ ਹੈ, ਜਿਸ ਨਾਲ ਖੇਤੀਬਾੜੀ ਖੇਤਰ ਵਿੱਚ ਚਿੰਤਾ ਦਾ ਮਾਹੌਲ ਬਣ ਰਿਹਾ ਹੈ।
ਨਿਊਨਤਮ ਤਾਪਮਾਨ ਵਿੱਚ ਵੀ ਹੋਵੇਗਾ ਇਜ਼ਾਫ਼ਾ
ਮੌਸਮੀ ਕੇਂਦਰ ਚੰਡੀਗੜ੍ਹ ਦੇ ਨਿਰਦੇਸ਼ਕ ਸੁਰਿੰਦਰ ਪਾਲ ਸਿੰਘ ਦੇ ਅਨੁਸਾਰ ਉੱਤਰ-ਪੱਛਮੀ ਪਾਸੇ ਤੋਂ ਹਵਾਵਾਂ ਵੱਗਣ ਕਾਰਨ ਮੌਸਮ ਖੁਸ਼ਕ ਰਹੇਗਾ ਅਤੇ ਅਗਲੇ ਸੱਤ ਦਿਨਾਂ ਵਿੱਚ ਨਿਊਨਤਮ ਤਾਪਮਾਨ ਵਿੱਚ ਵੀ ਦੋ ਤੋਂ ਤਿੰਨ ਡਿਗਰੀ ਤੱਕ ਹੌਲੀ-ਹੌਲੀ ਵਾਧਾ ਹੋ ਸਕਦਾ ਹੈ। ਮਾਹਿਰਾਂ ਦੇ ਮਤਾਬਕ ਜੇਕਰ ਇਹ ਰੁਝਾਨ ਜਾਰੀ ਰਹਿੰਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਤੇਜ਼ੀ ਨਾਲ ਆਪਣਾ ਅਸਰ ਵਿਖਾ ਸਕਦੀ ਹੈ।

