ਚੰਡੀਗੜ੍ਹ :- ਪੰਜਾਬ ਦੇ 12 ਜ਼ਿਲ੍ਹੇ — ਅੰਮ੍ਰਿਤਸਰ, ਗੁਰਦਾਸਪੁਰ, ਮੋਗਾ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ, ਪਟਿਆਲਾ, ਮੋਹਾਲੀ, ਕਪੂਰਥਲਾ, ਜਲੰਧਰ ਅਤੇ ਲੁਧਿਆਣਾ — ਹੜ੍ਹਾਂ ਨਾਲ ਪ੍ਰਭਾਵਿਤ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡਾਂ ਨੂੰ ਸਿੱਧਾ ਪ੍ਰਭਾਵ ਪਿਆ ਹੈ। ਜਲੰਧਰ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ।
ਭਾਖੜਾ ਡੈਮ ਦਾ ਪਾਣੀ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 3 ਫੁੱਟ ਹੇਠਾਂ
ਭਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਦਾ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ, ਜਦਕਿ ਇਸ ਵੇਲੇ ਪਾਣੀ ਪੱਧਰ 1676.72 ਫੁੱਟ ਦਰਜ ਕੀਤਾ ਗਿਆ ਹੈ। ਪਾਣੀ ਦੇ ਦਬਾਅ ਕਾਰਨ ਡੈਮ ਦੇ ਚਾਰ ਫਲੱਡ ਗੇਟ 4-4 ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ।
ਪਾਣੀ ਦੀ ਆਮਦ: 1,07,565 ਕਿਊਸਕ
ਨਿਕਾਸੀ: 56,000 ਕਿਊਸਕ (ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ)
ਸਤਲੁਜ ਦਰਿਆ ਪੱਧਰ: 54,000 ਕਿਊਸਕ
ਨੰਗਲ ਹਾਈਡਲ ਨਹਿਰ: 9,000 ਕਿਊਸਕ
ਆਨੰਦਪੁਰ ਹਾਈਡਲ ਨਹਿਰ: 2,000 ਕਿਊਸਕ
ਨੰਗਲ ਭਾਖੜਾ ਫੀਡਰ ਨਹਿਰ 12 ਥਾਵਾਂ ’ਤੇ ਧਸੀ
ਜ਼ਿਲ੍ਹਾ ਰੂਪਨਗਰ ਦੇ ਸ੍ਰੀ ਆਨੰਦਪੁਰ ਸਾਹਿਬ ਖੇਤਰ ਵਿੱਚ ਨੰਗਲ ਭਾਖੜਾ ਫੀਡਰ ਨਹਿਰ 12 ਥਾਵਾਂ ’ਤੇ ਧਸ ਗਈ ਹੈ। ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਨੇ ਮਿਲ ਕੇ ਸਥਿਤੀ ’ਤੇ ਕਾਬੂ ਪਾਇਆ ਹੈ। ਮੰਤਰੀ ਹਰਜੋਤ ਬੈਂਸ ਮੌਕੇ ’ਤੇ ਪਹੁੰਚੇ ਅਤੇ ਰਾਹਤ-ਬਚਾਅ ਕਾਰਜ ਸ਼ੁਰੂ ਕਰਵਾਏ।