ਚੰਡੀਗੜ੍ਹ :- ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨਾਲ ਜੁੜਿਆ ਮਾਮਲਾ ਅੱਜ ਇਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। 14 ਦਸੰਬਰ ਨੂੰ ਹੋਈ ਵੋਟਿੰਗ ਦੌਰਾਨ ਕੁਝ ਪੋਲਿੰਗ ਬੂਥਾਂ ’ਤੇ ਧਾਂਦਲੀ ਦੇ ਦੋਸ਼ਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ ਥਾਵਾਂ ਦੀ ਵੋਟਿੰਗ ਰੱਦ ਕਰ ਦਿੱਤੀ ਸੀ। ਹੁਣ ਉਨ੍ਹਾਂ ਹੀ ਬੂਥਾਂ ’ਤੇ ਅੱਜ ਦੁਬਾਰਾ ਮਤਦਾਨ ਕਰਵਾਇਆ ਜਾ ਰਿਹਾ ਹੈ।
ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ
ਚੋਣ ਅਧਿਕਾਰੀਆਂ ਮੁਤਾਬਕ ਪੰਜ ਜ਼ਿਲ੍ਹਿਆਂ ਵਿੱਚ ਕੁੱਲ 16 ਪੋਲਿੰਗ ਬੂਥਾਂ ’ਤੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਮਤਦਾਨ ਪੂਰੀ ਤਰ੍ਹਾਂ ਸ਼ਾਂਤੀਪੂਰਣ ਢੰਗ ਨਾਲ ਹੋ ਸਕੇ। ਇਨ੍ਹਾਂ ਵੋਟਾਂ ਦੀ ਗਿਣਤੀ ਅਤੇ ਨਤੀਜੇ 17 ਦਸੰਬਰ ਨੂੰ ਹੀ ਐਲਾਨੇ ਜਾਣਗੇ।
ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਬੂਥਾਂ ’ਤੇ ਮੁੜ ਵੋਟਿੰਗ
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬਲਾਕ ਸੰਮਤੀ ਅਟਾਰੀ ਦੇ ਦੋ ਜ਼ੋਨਾਂ ਵਿੱਚ ਦੁਬਾਰਾ ਵੋਟਾਂ ਪੈ ਰਹੀਆਂ ਹਨ। ਜ਼ੋਨ ਨੰਬਰ 08 ਖਾਸਾ ਅਧੀਨ ਚਾਰ ਬੂਥਾਂ ਅਤੇ ਜ਼ੋਨ ਨੰਬਰ 17 ਵਰਪਾਲ ਕਲਾਂ ਦੇ ਪੰਜ ਬੂਥਾਂ ’ਤੇ ਅੱਜ ਵੋਟਰ ਆਪਣਾ ਫ਼ੈਸਲਾ ਦੁਬਾਰਾ ਦੇ ਰਹੇ ਹਨ।
ਬਰਨਾਲਾ, ਸ੍ਰੀ ਮੁਕਤਸਰ ਸਾਹਿਬ ’ਚ ਵੀ ਮੁੜ ਮਤਦਾਨ
ਜ਼ਿਲ੍ਹਾ ਬਰਨਾਲਾ ਦੇ ਬਲਾਕ ਸੰਮਤੀ ਚੰਨਣਵਾਲ ਦੇ ਪਿੰਡ ਰਾਏਸਰ ਪਟਿਆਲਾ ਵਿੱਚ ਇਕ ਪੋਲਿੰਗ ਬੂਥ ’ਤੇ ਮੁੜ ਵੋਟਿੰਗ ਹੋ ਰਹੀ ਹੈ। ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਬਲਾਕ ਅਧੀਨ ਪਿੰਡ ਬਬਾਨੀਆ ਅਤੇ ਪਿੰਡ ਮਧੀਰ ਦੇ ਚਾਰ ਬੂਥਾਂ ’ਤੇ ਵੀ ਅੱਜ ਮਤਦਾਨ ਕਰਵਾਇਆ ਜਾ ਰਿਹਾ ਹੈ।
ਗੁਰਦਾਸਪੁਰ ਅਤੇ ਜਲੰਧਰ ’ਚ ਵੀ ਚੋਣੀ ਸਰਗਰਮੀ
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੰਨ੍ਹੀਆਂ ਦੇ ਇਕ ਪੋਲਿੰਗ ਸਟੇਸ਼ਨ ’ਤੇ ਅੱਜ ਦੁਬਾਰਾ ਵੋਟਾਂ ਪੈ ਰਹੀਆਂ ਹਨ। ਇਸ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਬਲਾਕ ਦੇ ਪੰਚਾਇਤ ਸੰਮਤੀ ਅਧੀਨ ਇੱਕ ਪੋਲਿੰਗ ਬੂਥ ’ਤੇ ਵੀ ਮੁੜ ਮਤਦਾਨ ਜਾਰੀ ਹੈ।
ਚੋਣ ਕਮਿਸ਼ਨ ਨੇ ਵੋਟਰਾਂ ਨੂੰ ਨਿਡਰ ਹੋ ਕੇ ਵੋਟ ਪਾਉਣ ਦੀ ਅਪੀਲ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਹਰ ਬੂਥ ’ਤੇ ਪਾਰਦਰਸ਼ੀ ਅਤੇ ਨਿਰਪੱਖ ਪ੍ਰਕਿਰਿਆ ਯਕੀਨੀ ਬਣਾਈ ਜਾ ਰਹੀ ਹੈ।

