ਅੰਮ੍ਰਿਤਸਰ :- ਥਾਣਾ ਸਰਾਏ ਅਮਾਨਤ ਖਾਂ ਦੇ ਅਧੀਨ ਆਉਂਦੇ ਪਿੰਡ ਕਲਸ ਵਿੱਚ ਵਾਲੀਵਾਲ ਖੇਡਣ ਨੂੰ ਲੈ ਕੇ ਹੋਏ ਝਗੜੇ ਨੇ ਭਿਆਨਕ ਰੂਪ ਧਾਰ ਲਿਆ। ਦੋ ਧਿਰਾਂ ਵਿਚਾਲੇ ਹੋਏ ਟਕਰਾਅ ਦੌਰਾਨ ਗੋਲੀ ਚੱਲੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਇੱਕ ਸੱਤ ਸਾਲਾ ਬੱਚੇ ਅਤੇ ਇੱਕ ਔਰਤ ਸਮੇਤ ਕੁੱਲ ਚਾਰ ਵਿਅਕਤੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ।
ਬੱਚੇ ਦੀ ਅੱਖ ’ਚ ਲੱਗਿਆ ਗੋਲੀ ਦਾ ਛਰਾ
ਗੋਲੀ ਲੱਗਣ ਕਾਰਨ ਜ਼ਖਮੀ ਹੋਏ ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਸਰਕਾਰੀ ਸਕੂਲ ਕਲਸ ਵਿੱਚ ਲੱਗੇ ਵਾਲੀਵਾਲ ਨੈੱਟ ’ਤੇ ਖੇਡਣ ਨੂੰ ਲੈ ਕੇ ਉਸਦਾ ਪਿੰਡ ਦੇ ਹੀ ਲਵਪ੍ਰੀਤ ਸਿੰਘ ਨਾਲ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਰਾਤ ਸਮੇਂ ਲਵਪ੍ਰੀਤ ਸਿੰਘ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਉਸਦੇ ਘਰ ਪਹੁੰਚਿਆ, ਜਿੱਥੇ ਗਾਲਾਂ ਕੱਢੀਆਂ ਗਈਆਂ ਅਤੇ ਫਿਰ ਗੋਲੀ ਚਲਾ ਦਿੱਤੀ ਗਈ।
ਔਰਤ ਅਤੇ ਪਤੀ ਵੀ ਗੋਲੀ ਨਾਲ ਜ਼ਖਮੀ
ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਚਲਾਈ ਗਈ ਗੋਲੀ ਦਾ ਛਰਾ ਉਸਦੇ ਸੱਤ ਸਾਲਾ ਪੁੱਤਰ ਦੀ ਅੱਖ ਵਿੱਚ ਲੱਗਿਆ, ਜਦਕਿ ਉਸਦੀ ਪਤਨੀ ਨਵਪ੍ਰੀਤ ਕੌਰ ਅਤੇ ਉਹ ਖੁਦ ਵੀ ਗੋਲੀ ਦੇ ਛਰਿਆਂ ਨਾਲ ਜ਼ਖਮੀ ਹੋ ਗਏ। ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦਕਿ ਪਤੀ-ਪਤਨੀ ਨੂੰ ਕਸੇਲ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਰੱਖਿਆ ਗਿਆ ਹੈ।
ਦੂਜੀ ਧਿਰ ਵੱਲੋਂ ਹਮਲੇ ਦੇ ਦੋਸ਼
ਦੂਜੇ ਪਾਸੇ ਜ਼ਖਮੀ ਹੋਏ ਲਵਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਵਾਲੀਵਾਲ ਖੇਡਣ ਤੋਂ ਬਾਅਦ ਮਾਮਲਾ ਸ਼ਾਂਤ ਕਰਨ ਲਈ ਉਸਦੇ ਰਿਸ਼ਤੇਦਾਰ ਉਸਨੂੰ ਗੱਡੀ ਵਿੱਚ ਬਿਠਾ ਕੇ ਲੈ ਜਾ ਰਹੇ ਸਨ, ਤਾਂ ਜੋ ਰਾਤ ਨੂੰ ਹੋਰ ਝਗੜਾ ਨਾ ਹੋਵੇ। ਇਸ ਦੌਰਾਨ ਰਸਤੇ ਵਿੱਚ ਅੰਮ੍ਰਿਤਬੀਰ ਸਿੰਘ ਅਤੇ ਉਸਦੇ ਪਿਤਾ ਬਹਾਲ ਸਿੰਘ ਨੇ ਗੱਡੀ ਰੋਕ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹਮਲਾ
ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਇਲਜ਼ਾਮ ਹੈ ਕਿ ਹਮਲੇ ਦੌਰਾਨ ਉਸਦੇ ਇੱਕ ਰਿਸ਼ਤੇਦਾਰ ਦੀ ਪੱਗ ਵੀ ਲਾਹ ਦਿੱਤੀ ਗਈ। ਜ਼ਖਮੀ ਹਾਲਤ ਵਿੱਚ ਉਸਨੂੰ ਵੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ
ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਬਲਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਨੇ ਦੋਵਾਂ ਧਿਰਾਂ ਦੇ ਜ਼ਖਮੀ ਵਿਅਕਤੀਆਂ ਦੇ ਬਿਆਨ ਦਰਜ ਕਰ ਲਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

