ਲਾਂਬੜਾ :- ਥਾਣਾ ਲਾਂਬੜਾ ਦੇ ਅਧੀਨ ਪੈਂਦੇ ਪਿੰਡ ਕੁਰਾਲੀ ਦੇ ਨਹਿਰ ਕਿਨਾਰੇ ਇਕ ਅਣਪਛਾਤੀ ਨੌਜਵਾਨ ਕੁੜੀ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਕਰਤਾਰਪੁਰ ਨਰਿੰਦਰ ਸਿੰਘ ਔਜਲਾ, ਸੀਆਈਏ ਸਟਾਫ਼, ਥਾਣਾ ਮੁਖੀ ਗੁਰਮੀਤ ਰਾਮ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ।
ਉਮਰ, ਪਹਿਰਾਵਾ ਤੇ ਸਰੀਰ ‘ਤੇ ਗੁਦੇ ਹੋਏ ਨਾਂ
ਪੁਲਿਸ ਅਨੁਸਾਰ ਮ੍ਰਿਤਕਾ ਦੀ ਉਮਰ ਕਰੀਬ 20 ਤੋਂ 25 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਉਹ ਟੀ-ਸ਼ਰਟ ਤੇ ਸਲੈਕਸ ਪਹਿਨੀ ਹੋਈ ਸੀ। ਲੜਕੀ ਦੀਆਂ ਬਾਂਹਾਂ ‘ਤੇ ਮਾਤਾ ਸੀਤਾ ਰਾਣੀ, ਪਿਤਾ ਬਿਕਰਮ ਸਿੰਘ, ਗਿੱਲ, ਸੰਨੀ ਅਤੇ ਭੋਲਾ ਦੇ ਨਾਂ ਗੁਦੇ ਹੋਏ ਮਿਲੇ ਹਨ, ਜੋ ਉਸ ਦੀ ਪਛਾਣ ਲਈ ਅਹਿਮ ਸੁਰਾਗ ਮੰਨੇ ਜਾ ਰਹੇ ਹਨ।
ਘਟਨਾ ਰਾਤ ਨੂੰ ਵਾਪਰਨ ਦੀ ਸੰਭਾਵਨਾ
ਸਥਾਨਕ ਲੋਕਾਂ ਮੁਤਾਬਕ ਇਹ ਵਾਕਿਆ ਬੀਤੀ ਬੁੱਧਵਾਰ ਰਾਤ ਦਾ ਹੋ ਸਕਦਾ ਹੈ, ਕਿਉਂਕਿ ਦਿਨ ਦੌਰਾਨ ਇਸ ਰਸਤੇ ‘ਤੇ ਆਵਾਜਾਈ ਕਾਫ਼ੀ ਰਹਿੰਦੀ ਹੈ। ਜੇ ਲਾਸ਼ ਪਹਿਲਾਂ ਪਈ ਹੁੰਦੀ ਤਾਂ ਜ਼ਰੂਰ ਨਜ਼ਰ ਆ ਜਾਂਦੀ।
ਜ਼ਖ਼ਮ, ਬੂਟ ਤੇ ਇੰਜੈਕਸ਼ਨ ਨੇ ਵਧਾਈ ਗੁੱਥੀ
ਮ੍ਰਿਤਕਾ ਦੇ ਪੈਰਾਂ ਦੀਆਂ ਉਂਗਲਾਂ ‘ਤੇ ਜ਼ਖ਼ਮਾਂ ਦੇ ਨਿਸ਼ਾਨ ਮਿਲੇ ਹਨ, ਜਦਕਿ ਉਸ ਦੇ ਬੂਟ ਕੁਝ ਦੂਰੀ ‘ਤੇ ਪਏ ਹੋਏ ਸਨ। ਹੈਰਾਨੀਜਨਕ ਤੌਰ ‘ਤੇ ਉਸ ਦੀ ਇਕ ਬਾਂਹ ‘ਚ ਲੱਗਿਆ ਇੰਜੈਕਸ਼ਨ ਵੀ ਬਰਾਮਦ ਹੋਇਆ ਹੈ, ਜਿਸ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ।
ਰੇਪ ਤੋਂ ਬਾਅਦ ਕਤਲ ਦੀ ਆਸ਼ੰਕਾ ਤੋਂ ਇਨਕਾਰ ਨਹੀਂ
ਭਰੋਸੇਯੋਗ ਸੂਤਰਾਂ ਅਨੁਸਾਰ ਲੜਕੀ ਨਾਲ ਜ਼ਬਰਜਨਾਹੀ ਤੋਂ ਬਾਅਦ ਕਤਲ ਹੋਣ ਦੀ ਸੰਭਾਵਨਾ ਤੋਂ ਪੂਰੀ ਤਰ੍ਹਾਂ ਇਨਕਾਰ ਨਹੀਂ ਕੀਤਾ ਜਾ ਸਕਦਾ, ਹਾਲਾਂਕਿ ਪੁਲਿਸ ਅਧਿਕਾਰਕ ਤੌਰ ‘ਤੇ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੀ ਹੈ।
ਪੁਲਿਸ ਦਾ ਕਹਿਣਾ—ਜਾਂਚ ਹਰ ਪੱਖੋਂ ਜਾਰੀ
ਥਾਣਾ ਮੁਖੀ ਗੁਰਮੀਤ ਰਾਮ ਨੇ ਦੱਸਿਆ ਕਿ ਲਾਸ਼ ਦੀ ਸ਼ਨਾਖ਼ਤ ਨਾ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ‘ਚ 72 ਘੰਟਿਆਂ ਲਈ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ। ਪੁਲਿਸ ਮਾਮਲੇ ਦੀ ਹਰ ਕੋਣ ਤੋਂ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

