ਬੱਸੀ ਪਠਾਣਾਂ :- ਬੱਸੀ ਪਠਾਣਾਂ ਦੇ ਨਜ਼ਦੀਕ ਪੈਂਦੇ ਪਿੰਡ ਸ਼ਹੀਦਗੜ੍ਹ ਕੋਲ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੜਕ ’ਤੇ ਅਚਾਨਕ ਅਵਾਰਾ ਕੁੱਤਾ ਆ ਜਾਣ ਕਾਰਨ ਦੋ ਮੋਟਰਸਾਈਕਲਾਂ ਦੀ ਆਮਨੇ-ਸਾਮਨੇ ਟੱਕਰ ਹੋ ਗਈ, ਜਿਸ ਨਾਲ ਦੋਵੇਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਪਰ ਨਾ ਬਚ ਸਕੇ
ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਮਨੁੱਖਤਾ ਦਾ ਫਰਜ਼ ਨਿਭਾਉਂਦਿਆਂ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ। ਹਾਲਤ ਨਾਜ਼ੁਕ ਹੋਣ ਕਾਰਨ ਦੋਵਾਂ ਨੂੰ ਅੱਗੇ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਕੁੱਤੇ ਨੂੰ ਬਚਾਉਂਦੇ ਸਮੇਂ ਹੋਈ ਟੱਕਰ
ਥਾਣਾ ਬੱਸੀ ਪਠਾਣਾ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 26 ਸਾਲਾ ਅਨੁਰਾਗ ਵਾਸੀ ਬੱਸੀ ਪਠਾਣਾ ਸ਼ਾਮਲ ਹੈ, ਜੋ ਇੱਕ ਕਾਲਜ ਵਿੱਚ ਸਫਾਈ ਸੇਵਕ ਵਜੋਂ ਕੰਮ ਕਰਦਾ ਸੀ। ਉਹ ਮੋਟਰਸਾਈਕਲ ’ਤੇ ਬੱਸੀ ਪਠਾਣਾ ਵੱਲੋਂ ਆ ਰਿਹਾ ਸੀ ਕਿ ਅਚਾਨਕ ਇੱਕ ਕੁੱਤਾ ਉਸਦੇ ਅੱਗੇ ਆ ਗਿਆ। ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਸਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਸਾਹਮਣੇ ਤੋਂ ਆ ਰਹੇ 49 ਸਾਲਾ ਨਛੱਤਰ ਸਿੰਘ ਵਾਸੀ ਪਿੰਡ ਸ਼ਹੀਦਗੜ੍ਹ ਦੇ ਮੋਟਰਸਾਈਕਲ ਨਾਲ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਸੜਕ ’ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ।
ਇਲਾਕੇ ਵਿੱਚ ਸੋਗ ਦਾ ਮਾਹੌਲ
ਇਸ ਦਰਦਨਾਕ ਘਟਨਾ ਦੀ ਖ਼ਬਰ ਮਿਲਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਦੋਵਾਂ ਪਰਿਵਾਰਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪਿੰਡ ਵਾਸੀਆਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਲੁਧਿਆਣਾ ’ਚ ਖਸਤਾ ਸੜਕ ਕਾਰਨ ਬਜ਼ੁਰਗ ਹਾਦਸੇ ਦਾ ਸ਼ਿਕਾਰ
ਇਸ ਤੋਂ ਇਲਾਵਾ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਵਿੱਚ ਤੂਤੀ ਵਾਲੇ ਮੰਦਰ ਨੇੜੇ ਵੀ ਇੱਕ ਹਾਦਸਾ ਵਾਪਰਿਆ। ਇੱਥੇ 68 ਸਾਲਾ ਵਿਅਕਤੀ ਆਪਣੀ ਈ-ਐਕਟਿਵਾ ਸਕੂਟਰ ਸਮੇਤ ਟੁੱਟੀ ਸੜਕ ’ਤੇ ਬਣੇ ਕਰੀਬ 7 ਫੁੱਟ ਡੂੰਘੇ ਟੋਏ ਵਿੱਚ ਡਿੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਘਰੇਲੂ ਸਮਾਨ ਖਰੀਦਣ ਲਈ ਬਾਹਰ ਨਿਕਲਿਆ ਸੀ ਅਤੇ ਮੰਦਰ ਕੋਲ ਸੜਕ ਦੀ ਖਰਾਬ ਹਾਲਤ ਕਾਰਨ ਉਸਦਾ ਵਾਹਨ ਅਚਾਨਕ ਬੇਕਾਬੂ ਹੋ ਗਿਆ।
ਰਾਹਗੀਰਾਂ ਨੇ ਦਿਖਾਈ ਮਨੁੱਖਤਾ
ਬਜ਼ੁਰਗ ਦੇ ਡਿੱਗਣ ਤੋਂ ਬਾਅਦ ਨੇੜੇ ਮੌਜੂਦ ਲੋਕ ਤੁਰੰਤ ਮਦਦ ਲਈ ਅੱਗੇ ਆਏ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਉਸਨੂੰ ਟੋਏ ਵਿੱਚੋਂ ਬਾਹਰ ਕੱਢਿਆ ਗਿਆ। ਇਹ ਘਟਨਾ ਸੜਕਾਂ ਦੀ ਮਾੜੀ ਹਾਲਤ ਵੱਲ ਇੱਕ ਵਾਰ ਫਿਰ ਧਿਆਨ ਖਿੱਚਦੀ ਹੈ।

