ਲੁਧਿਆਣਾ :- ਲੁਧਿਆਣਾ ਵਿੱਚ ਇੱਕ ਨੌਜਵਾਨ ਸਿੱਖ ਕੈਬ ਡਰਾਈਵਰ ਨਾਲ ਹੋਈ ਬੇਰਹਿਮੀ ਦੀ ਘਟਨਾ ਨੇ ਸੂਬੇ ਦੀ ਸਿਆਸਤ ਅਤੇ ਧਾਰਮਿਕ ਵਰਗਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਖ਼ਤ ਦਖ਼ਲ ਤੋਂ ਬਾਅਦ ਹੁਣ ਪੁਲਿਸ ਨੇ ਇਸ ਮਾਮਲੇ ‘ਚ ਦੋ ਵੱਖ-ਵੱਖ ਐਫਆਈਆਰਾਂ ਦਰਜ ਕੀਤੀਆਂ ਹਨ।
ਪੈਵਿਲੀਅਨ ਮਾਲ ਨੇੜੇ ਟੱਕਰ ਤੋਂ ਬਾਅਦ ਵਿਵਾਦ
ਜਾਣਕਾਰੀ ਮੁਤਾਬਕ 26 ਜਨਵਰੀ ਨੂੰ ਕੈਬ ਡਰਾਈਵਰ ਰਣਜੋਧ ਸਿੰਘ (28) ਦੀ ਕਾਰ ਪੈਵਿਲੀਅਨ ਮਾਲ ਨੇੜੇ ਇੱਕ ਹੋਰ ਵਾਹਨ ਨਾਲ ਟਕਰਾ ਗਈ। ਇਸ ਤੋਂ ਬਾਅਦ ਦੂਜੇ ਵਾਹਨ ਵਿੱਚ ਸਵਾਰ ਵਿਅਕਤੀਆਂ ਨੇ ਰਣਜੋਧ ਸਿੰਘ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ। ਦੋਸ਼ ਹੈ ਕਿ ਉਸ ਦੀ ਕਾਰ ‘ਤੇ ਲੱਗੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਨੂੰ ਵੇਖ ਕੇ ਉਸ ਦੇ ਧਰਮ ਬਾਰੇ ਅਪਮਾਨਜਨਕ ਟਿੱਪਣੀਆਂ ਵੀ ਕੀਤੀਆਂ ਗਈਆਂ।
ਪੁਲਿਸ ਪੋਸਟ ਅੰਦਰ ਤਸ਼ੱਦਦ ਦੇ ਗੰਭੀਰ ਦੋਸ਼
ਰਣਜੋਧ ਸਿੰਘ ਨੇ ਆਪਣੇ ਬਿਆਨ ‘ਚ ਦੱਸਿਆ ਕਿ ਝਗੜੇ ਤੋਂ ਬਾਅਦ ਪੁਲਿਸ ਉਸਨੂੰ ਕੈਲਾਸ਼ ਨਗਰ ਪੁਲਿਸ ਪੋਸਟ ਲੈ ਗਈ, ਜਿੱਥੇ ਉਸ ਨਾਲ ਕਥਿਤ ਤੌਰ ‘ਤੇ ਬੇਰਹਿਮੀ ਕੀਤੀ ਗਈ। ਉਸ ਦਾ ਦੋਸ਼ ਹੈ ਕਿ ਉਸ ਦੇ ਨਖ ਨੂੰ ਪਲਾਸ ਨਾਲ ਉਖਾੜਿਆ ਗਿਆ ਅਤੇ ਖੂਨ ਵਗਣ ਦੇ ਬਾਵਜੂਦ ਸਿਰਫ਼ ਔਪਚਾਰਿਕ ਤੌਰ ‘ਤੇ ਸਿਵਲ ਹਸਪਤਾਲ ਲੈ ਜਾ ਕੇ ਬਿਨਾਂ ਮੈਡੀਕਲ ਜਾਂਚ ਦੇ ਮੁੜ ਪੁਲਿਸ ਪੋਸਟ ਵਾਪਸ ਲਿਆ ਗਿਆ।
ਲਾਕਅੱਪ ‘ਚ ਰਾਤ, ਕਾਗਜ਼ਾਂ ‘ਤੇ ਦਸਤਖ਼ਤਾਂ ਦਾ ਦਬਾਅ
ਕੈਬ ਡਰਾਈਵਰ ਦਾ ਕਹਿਣਾ ਹੈ ਕਿ ਬਾਅਦ ਵਿੱਚ ਉਸਨੂੰ ਡਿਵੀਜ਼ਨ ਨੰਬਰ 8 ਥਾਣੇ ਭੇਜਿਆ ਗਿਆ, ਜਿੱਥੇ ਉਸਨੂੰ ਬਿਨਾਂ ਕੰਬਲ ਦੇ ਲਾਕਅੱਪ ‘ਚ ਰੱਖਿਆ ਗਿਆ। ਇਲਜ਼ਾਮ ਹੈ ਕਿ ਉਸ ਤੋਂ ਕੁਝ ਕਾਗਜ਼ਾਂ ‘ਤੇ ਦਬਾਅ ਹੇਠ ਦਸਤਖ਼ਤ ਕਰਵਾਏ ਗਏ ਅਤੇ ਅਗਲੇ ਦਿਨ ਸਵੇਰੇ ਛੱਡਿਆ ਗਿਆ।
ਦੋ FIR, ਪੁਲਿਸ ਕਰਮਚਾਰੀਆਂ ਸਮੇਤ ਹੋਰ ਵਿਅਕਤੀਆਂ ‘ਤੇ ਕੇਸ
ਵਧਦੇ ਰੋਸ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਏ ਸਖ਼ਤ ਨੋਟਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਡਿਵੀਜ਼ਨ ਨੰਬਰ 8 ਥਾਣੇ ‘ਚ ਦੋ ਐਫਆਈਆਰਾਂ ਦਰਜ ਕੀਤੀਆਂ।
ਪਹਿਲੀ ਐਫਆਈਆਰ ‘ਚ ਕੈਲਾਸ਼ ਨਗਰ ਪੁਲਿਸ ਪੋਸਟ ਅੰਦਰ ਕੁੱਟਮਾਰ ਦੇ ਦੋਸ਼ਾਂ ਹੇਠ ਹੈੱਡ ਕਾਂਸਟੇਬਲ ਲਵਪ੍ਰੀਤ ਸਿੰਘ, ਹੋਮ ਗਾਰਡ ਦੀਪਕ ਸ਼ਰਮਾ, ਇੱਕ ਹੋਰ ਹੈੱਡ ਕਾਂਸਟੇਬਲ ਲਵਪ੍ਰੀਤ ਸਿੰਘ ਅਤੇ ਇੱਕ ਸਾਥੀ ਰੋਹਿਤ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ‘ਤੇ BNS ਦੀਆਂ ਧਾਰਾਵਾਂ 115(2), 127(2) ਅਤੇ 351(3) ਤਹਿਤ ਕੇਸ ਦਰਜ ਹੋਇਆ ਹੈ।
ਧਾਰਮਿਕ ਅਪਮਾਨ ਦੇ ਦੋਸ਼ਾਂ ‘ਚ ਵੱਖਰਾ ਮਾਮਲਾ
ਦੂਜੀ ਐਫਆਈਆਰ ‘ਚ ਦੂਜੇ ਵਾਹਨ ‘ਚ ਸਵਾਰ ਰਾਜੀਵ ਗੁਪਤਾ (ਗਾਂਧੀ ਨਗਰ) ਅਤੇ ਅਜੈ ਸ਼ਰਮਾ (ਵ੍ਰਿੰਦਾਵਨ ਰੋਡ) ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ‘ਤੇ ਧਰਮਕ ਅਪਮਾਨ ਅਤੇ ਕੁੱਟਮਾਰ ਦੇ ਦੋਸ਼ਾਂ ਹੇਠ BNS ਦੀਆਂ ਧਾਰਾਵਾਂ 298, 115(2) ਅਤੇ 126(2) ਲਗਾਈਆਂ ਗਈਆਂ ਹਨ।
ਪੁਲਿਸ ਅਧਿਕਾਰੀ ਦੀ ਪੁਸ਼ਟੀ
ਐਡੀਸ਼ਨਲ ਡੀਸੀਪੀ-3 ਕਨਵਲਪ੍ਰੀਤ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਦੋ ਵੱਖਰੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਜਾਂਚ ਦੇ ਅਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਸਿੱਖ ਨੌਜਵਾਨਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ: ਜਥੇਦਾਰ ਗੜਗੱਜ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਵਿੱਚ ਸਿੱਖ ਨੌਜਵਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਕਬੂਲਯੋਗ ਨਹੀਂ। ਉਨ੍ਹਾਂ ਜ਼ੋਰ ਦਿੱਤਾ ਕਿ ਧਰਮ ਪ੍ਰਤੀ ਅਦਬ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਦੀ ਪਾਲਣਾ ਨਾ ਕਰਨ, ਤਾਂ ਇਨਸਾਫ਼ ‘ਤੇ ਲੋਕਾਂ ਦਾ ਭਰੋਸਾ ਡੋਲ੍ਹ ਜਾਂਦਾ ਹੈ।

