ਬੁਢਲਾਡਾ :- ਬੁਢਲਾਡਾ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੋ ਸਕੇ ਭਰਾਵਾਂ ਨੇ ਕੁਝ ਘੰਟਿਆਂ ਦੇ ਅੰਦਰ ਦਿਲ ਦਾ ਦੌਰਾ ਪੈਣ ਕਾਰਨ ਆਪਣੀ ਜਾਨ ਗਵਾ ਦਿੱਤੀ। ਦੋਵੇਂ ਭਰਾ ਲੰਮੇ ਸਮੇਂ ਤੋਂ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਪੁਜਾਰੀ ਦੀ ਸੇਵਾ ਕਰ ਰਹੇ ਸਨ। ਇਸ ਦੁੱਖਦਾਈ ਘਟਨਾ ਨੇ ਪੂਰੇ ਸ਼ਹਿਰ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ।
ਜਾਣਕਾਰੀ ਅਨੁਸਾਰ, ਦੁਰਗਾ ਮੰਦਰ ਦੇ ਪੁਜਾਰੀ ਰਹੇ ਮਰਹੂਮ ਦੇਵਦੱਤ ਸ਼ਰਮਾ ਦੇ ਪੁੱਤਰ ਸੁਭਾਸ਼ ਸ਼ਰਮਾ ਇੱਕ ਦੁਕਾਨ ਦੇ ਮੁਹੂਰਤ ਲਈ ਪੂਜਾ ਕਰਨ ਗਏ ਸਨ। ਪੂਜਾ ਦੌਰਾਨ ਹੀ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਦੁਖਦਾਈ ਖ਼ਬਰ ਜਦੋਂ ਵੱਡੇ ਭਰਾ ਰਮੇਸ਼ ਕੁਮਾਰ ਤੱਕ ਪਹੁੰਚੀ, ਤਾਂ ਉਹ ਵੀ ਹੈਰਾਨੀ ਅਤੇ ਦੁੱਖ ਦੇ ਸਦਮੇ ਨਾਲ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਗਏ ਅਤੇ ਮੌਕੇ ‘ਤੇ ਹੀ ਉਨ੍ਹਾਂ ਦਾ ਵੀ ਦੇਹਾਂਤ ਹੋ ਗਿਆ।
ਇਹ ਵੀ ਗੌਰ ਕਰਨਯੋਗ ਹੈ ਕਿ ਇਹ ਪਰਿਵਾਰ ਪਿਛਲੇ ਅੱਠ ਦਹਾਕਿਆਂ ਤੋਂ ਬੁਢਲਾਡਾ ਦੇ ਕਈ ਮੰਦਰਾਂ ਵਿੱਚ ਪੁਜਾਰੀ ਦੇ ਤੌਰ ‘ਤੇ ਸੇਵਾ ਨਿਭਾ ਰਿਹਾ ਸੀ।
ਧਾਰਮਿਕ ਅਤੇ ਰਾਜਨੀਤਿਕ ਹਸਤੀਆਂ ਵੱਲੋਂ ਦੁੱਖ ਪ੍ਰਗਟਾਵਾ
ਬਰਫਾਨੀ ਆਸ਼ਰਮ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ ਅਤੇ ਮੰਡਲੀ ਮੈਂਬਰਾਂ ਨੇ ਪਰਿਵਾਰ ਦੇ ਘਰ ਪਹੁੰਚ ਕੇ ਸ਼ੋਕ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ, ਹਲਕਾ ਵਿਧਾਇਕ ਪ੍ਰਿੰਸੀਪਲ ਬੁਧਰਾਮ, ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਕਾਂਗਰਸ ਹਲਕਾ ਇੰਚਾਰਜ ਰਣਵੀਰ ਕੌਰ ਮੀਆਂ, ਕਾਂਗਰਸ ਬਲਾਕ ਪ੍ਰਧਾਨ ਤਰਜੀਤ ਸਿੰਘ ਚਹਿਲ, ਭਾਜਪਾ ਨੇਤਾ ਰਕੇਸ਼ ਕੁਮਾਰ ਜੈਨ, ਕੌਂਸਲਰ ਪ੍ਰੇਮ ਗਰਗ, ਆੜ੍ਹਤੀਆ ਐਸੋਸੀਏਸ਼ਨ ਪ੍ਰਧਾਨ ਪ੍ਰਵੀਨ ਕੁਮਾਰ ਗੋਇਲ, ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਬੈਂਸ ਅਤੇ ਕੌਂਸਲਰ ਕਾਲੂ ਮੈਦਾਨ ਸਮੇਤ ਕਈ ਹੋਰ ਹਸਤੀਆਂ ਨੇ ਵੀ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ।