ਚੰਡੀਗੜ੍ਹ :- ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਸੰਘਰਸ਼ ਅੰਤ ਵਿੱਚ ਪਹਿਲੇ ਪੜਾਅ ‘ਚ ਕਾਮਯਾਬੀ ਵੱਲ ਵਧ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਵੱਲੋਂ ਐਫੀਡੇਵਿਟ ਦੀ ਸ਼ਰਤ ਖ਼ਿਲਾਫ਼ ਚੱਲ ਰਹੇ ਆੰਦੋਲਨ ਅੱਗੇ ਝੁਕਦੇ ਹੋਏ ਇਹ ਸ਼ਰਤ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਵਿਦਿਆਰਥੀਆਂ ਨੇ ਐਲਾਨ ਕੀਤਾ ਹੈ ਕਿ ਜਦ ਤੱਕ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਅਧਿਕਾਰਕ ਹੁਕਮ ਨਹੀਂ ਮਿਲਦਾ, ਉਹ ਆਪਣਾ ਧਰਨਾ ਅਤੇ ਭੁੱਖ ਹੜਤਾਲ ਜਾਰੀ ਰੱਖਣਗੇ।
ਵਿਦਿਆਰਥੀਆਂ ਦੀ ਸਖ਼ਤ ਚੇਤਾਵਨੀ — ਸਿਰਫ਼ ਮੌਖਿਕ ਭਰੋਸਾ ਨਹੀਂ ਚਲੇਗਾ
ਵਿਦਿਆਰਥੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਵੱਲੋਂ ਦਿੱਤਾ ਮੌਖਿਕ ਭਰੋਸਾ ਉਨ੍ਹਾਂ ਲਈ ਕਾਫ਼ੀ ਨਹੀਂ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਰਕਾਰੀ ਦਸਤਾਵੇਜ਼ ਚਾਹੀਦਾ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਸ ਫੈਸਲੇ ਨੂੰ ਉਲਟ ਨਾ ਸਕੇ।
ਜੇ ਲਿਖਤੀ ਹੁਕਮ ਨਾ ਮਿਲਿਆ ਤਾਂ ਗੇਟ ਨੰਬਰ 2 ਹੋਵੇਗਾ ਬੰਦ
ਵਿਦਿਆਰਥੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਤੁਰੰਤ ਲਿਖਤੀ ਸਹਿਮਤੀ ਨਾ ਦਿੱਤੀ ਗਈ, ਤਾਂ ਉਹ ਯੂਨੀਵਰਸਿਟੀ ਦਾ ਦੋ ਨੰਬਰ ਗੇਟ ਬੰਦ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ।
ਹੁਣ ਲੜਾਈ ਸੈਨੇਟ ਤੇ ਸਿੰਡੀਕੇਟ ਤੱਕ ਪਹੁੰਚੇਗੀ
ਵਿਦਿਆਰਥੀ ਆਗੂਆਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਇਹ ਆੰਦੋਲਨ ਸਿਰਫ਼ ਐਫੀਡੇਵਿਟ ਮਾਮਲੇ ਤੱਕ ਸੀਮਿਤ ਨਹੀਂ ਰਹੇਗਾ। ਹੁਣ ਉਹ ਸੈਨੇਟ ਅਤੇ ਸਿੰਡੀਕੇਟ ਦੀ ਬਣਤਰ ਵਿੱਚ ਪਾਰਦਰਸ਼ਤਾ ਲਈ ਵੀ ਲੜਾਈ ਲੜਨਗੇ, ਤਾਂ ਜੋ ਯੂਨੀਵਰਸਿਟੀ ਦੇ ਹਰ ਫੈਸਲੇ ਵਿੱਚ ਵਿਦਿਆਰਥੀਆਂ ਦੀ ਅਵਾਜ਼ ਸ਼ਾਮਲ ਹੋਵੇ।
ਵਿਦਿਆਰਥੀ ਆਗੂ ਦਾ ਬਿਆਨ — “ਇਹ ਸਿਰਫ਼ ਸ਼ੁਰੂਆਤ ਹੈ”
ਇੱਕ ਵਿਦਿਆਰਥੀ ਨੇ ਕਿਹਾ ਕਿ ਉਹਨਾਂ ਦੀ ਪਹਿਲੀ ਜਿੱਤ ਸਿਰਫ਼ ਸ਼ੁਰੂਆਤ ਹੈ। ਅਗਲੀ ਲੜਾਈ ਇਹ ਯਕੀਨੀ ਬਣਾਉਣ ਲਈ ਹੋਵੇਗੀ ਕਿ ਯੂਨੀਵਰਸਿਟੀ ਦੇ ਸਾਰੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਵਿਦਿਆਰਥੀ ਹਿਤਾਂ ਵਿੱਚ ਹੋਣ ਤੇ ਕਿਸੇ ਤਰ੍ਹਾਂ ਦਾ ਭੇਦਭਾਵ ਨਾ ਹੋਵੇ।

