ਅਮਰੀਕਾ :- ਅਮਰੀਕਾ ਵਿੱਚ ਟਰੰਪ ਸਰਕਾਰ ਨੇ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਬੋਲਣ ਨੂੰ ਲਾਜ਼ਮੀ ਸ਼ਰਤ ਬਣਾ ਦਿੱਤਾ ਹੈ। ਇਹ ਨਵਾਂ ਨਿਯਮ ਖ਼ਾਸ ਕਰਕੇ ਉਹਨਾਂ ਪੰਜਾਬੀ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜੋ ਡਰਾਈਵਿੰਗ ਦੇ ਆਧਾਰ ‘ਤੇ ਅਮਰੀਕਾ ਵਿੱਚ ਕੰਮ ਕਰ ਰਹੇ ਹਨ। ਸਰਕਾਰ ਵੱਲੋਂ ਹੁਣ ਸੜਕਾਂ ‘ਤੇ ਟਰੱਕ ਡਰਾਈਵਰਾਂ ਦੇ ਅੰਗਰੇਜ਼ੀ ਟੈਸਟ ਲਏ ਜਾ ਰਹੇ ਹਨ, ਜਿੱਥੇ ਕਈ ਵਿਦੇਸ਼ੀ ਡਰਾਈਵਰ ਫੇਲ੍ਹ ਹੋ ਰਹੇ ਹਨ।
ਹਾਦਸਿਆਂ ਤੋਂ ਬਾਅਦ ਲਿਆ ਗਿਆ ਸਖ਼ਤ ਫ਼ੈਸਲਾ
ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਵਿਦੇਸ਼ੀ ਟਰੱਕ ਡਰਾਈਵਰਾਂ ਨਾਲ ਜੁੜੇ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਸੀ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਅਮਰੀਕੀ ਪੁਲਿਸ ਹੁਣ ਰੁਟੀਨ ਚੈੱਕ ਦੌਰਾਨ ਟਰੱਕ ਰੋਕ ਕੇ ਡਰਾਈਵਰਾਂ ਦੀ ਅੰਗਰੇਜ਼ੀ ਸਮਝ ਅਤੇ ਬੋਲਚਾਲ ਦੀ ਜਾਂਚ ਕਰ ਰਹੀ ਹੈ।
ਰਿਪੋਰਟਾਂ ਅਨੁਸਾਰ ਹੁਣ ਤੱਕ 7 ਹਜ਼ਾਰ ਤੋਂ ਵੱਧ ਗੈਰ-ਅਮਰੀਕੀ ਡਰਾਈਵਰ ਇਸ ਟੈਸਟ ਵਿੱਚ ਅਸਫਲ ਰਹੇ ਹਨ ਅਤੇ ਉਨ੍ਹਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ।
ਅਮਰੀਕਾ ਵਿੱਚ ਪੰਜਾਬੀ ਡਰਾਈਵਰਾਂ ਦੀ ਵੱਡੀ ਗਿਣਤੀ
ਫਿਲਹਾਲ ਅਮਰੀਕਾ ਵਿੱਚ ਲਗਭਗ 1.5 ਲੱਖ ਪੰਜਾਬੀ ਡਰਾਈਵਰ ਕੰਮ ਕਰ ਰਹੇ ਹਨ। ਜਿਨ੍ਹਾਂ ਵਿੱਚੋਂ ਬਹੁਤ ਸਾਰੇ ਛੋਟੇ ਸ਼ਹਿਰਾਂ ਤੇ ਹਾਈਵੇ ਰੂਟਾਂ ‘ਤੇ ਟਰੱਕ ਚਲਾਉਂਦੇ ਹਨ। ਇਸ ਨਵੇਂ ਨਿਯਮ ਨਾਲ ਉਨ੍ਹਾਂ ਦੀ ਨੌਕਰੀ ‘ਤੇ ਸਿੱਧਾ ਅਸਰ ਪੈ ਸਕਦਾ ਹੈ, ਖ਼ਾਸਕਰ ਉਹਨਾਂ ਲਈ ਜੋ ਅੰਗਰੇਜ਼ੀ ਵਿੱਚ ਦੱਖਣੇ ਨਹੀਂ ਹਨ।
ਟੈਸਟ ‘ਚ ਬਹੁਤ ਸਾਰੇ ਡਰਾਈਵਰ ਅੰਗਰੇਜ਼ੀ ਬੋਲਣ ‘ਚ ਰਹੇ ਅਸਫਲ
ਅਮਰੀਕੀ ਆਵਾਜਾਈ ਸਕੱਤਰ ਸ਼ੌਨ ਡਫ਼ੀ ਦੇ ਅਨੁਸਾਰ, 30 ਅਕਤੂਬਰ ਤੱਕ ਚੱਲੇ ਟੈਸਟਾਂ ਦੌਰਾਨ ਕਈ ਡਰਾਈਵਰ ਅੰਗਰੇਜ਼ੀ ਬੋਲਣ ਤੇ ਸਮਝਣ ਵਿੱਚ ਕਮਜ਼ੋਰ ਪਾਏ ਗਏ।
ਕਈ ਡਰਾਈਵਰ ਤਾਂ ਸੜਕਾਂ ਉੱਤੇ ਲਿਖੇ ਟ੍ਰੈਫ਼ਿਕ ਬੋਰਡਾਂ ਤੇ ਨਿਯਮਾਂ ਦੀ ਵਿਆਖਿਆ ਵੀ ਠੀਕ ਤਰੀਕੇ ਨਾਲ ਨਹੀਂ ਕਰ ਸਕੇ।
ਵੀਜ਼ਾ ਪਾਬੰਦੀ ਤੋਂ ਬਾਅਦ ਹੁਣ ਅੰਗਰੇਜ਼ੀ ਟੈਸਟ ਦੀ ਸ਼ਰਤ
ਗੌਰ ਕਰਨ ਯੋਗ ਹੈ ਕਿ ਇਸ ਤੋਂ ਲਗਭਗ ਦੋ ਮਹੀਨੇ ਪਹਿਲਾਂ ਹੀ ਟਰੰਪ ਪ੍ਰਸ਼ਾਸਨ ਨੇ ਭਾਰਤੀ ਡਰਾਈਵਰਾਂ ਦੇ ਵੀਜ਼ਾ ‘ਤੇ ਰੋਕ ਲਗਾਈ ਸੀ।
ਉਸ ਸਮੇਂ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਐਲਾਨ ਕੀਤਾ ਸੀ ਕਿ ਭਾਰਤੀ ਡਰਾਈਵਰਾਂ ਨਾਲ ਹੋ ਰਹੇ ਹਾਦਸੇ ਅਤੇ ਸੁਰੱਖਿਆ ਮੁੱਦੇ ਹੁਣ ਚਿੰਤਾ ਦਾ ਕਾਰਨ ਬਣ ਰਹੇ ਹਨ।
ਪੰਜਾਬੀ ਡਰਾਈਵਰਾਂ ਵਿੱਚ ਚਿੰਤਾ — ਰੋਜ਼ਗਾਰ ‘ਤੇ ਮੰਡਰਾ ਰਿਹਾ ਖ਼ਤਰਾ
ਇਸ ਨਵੇਂ ਨਿਯਮ ਤੋਂ ਬਾਅਦ ਅਮਰੀਕਾ ਵਿੱਚ ਕੰਮ ਕਰ ਰਹੇ ਪੰਜਾਬੀ ਡਰਾਈਵਰਾਂ ਵਿਚ ਅਣਸੁਰੱਖਿਅਤਾ ਦੀ ਭਾਵਨਾ ਵਧ ਗਈ ਹੈ।
ਕਈ ਡਰਾਈਵਰ ਕਹਿ ਰਹੇ ਹਨ ਕਿ ਉਹਨਾਂ ਨੇ ਸਾਲਾਂ ਦੀ ਮਿਹਨਤ ਨਾਲ ਇਹ ਪੇਸ਼ਾ ਬਣਾਇਆ ਹੈ, ਪਰ ਹੁਣ ਇੱਕ ਟੈਸਟ ਕਾਰਨ ਉਨ੍ਹਾਂ ਦਾ ਰੋਜ਼ਗਾਰ ਖਤਰੇ ਵਿੱਚ ਪੈ ਗਿਆ ਹੈ।

