ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੱਖਣੀ ਕੋਰੀਆ ਦੇ ਦੌਰੇ ਦੇ ਦੂਜੇ ਦਿਨ ਅੱਜ ਸਿਓਲ ਵਿੱਚ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਲਗਾਤਾਰ ਮੀਟਿੰਗਾਂ ਕਰਨਗੇ। ਇਹ ਦੌਰਾ ਸੂਬੇ ਲਈ ਨਵੀਆਂ ਉਦਯੋਗਿਕ ਸੰਭਾਵਨਾਵਾਂ ਪੈਦਾ ਕਰਨ ਉੱਤੇ ਕੇਂਦਰਿਤ ਹੈ ਅਤੇ ਮਾਨ ਅੱਜ ਪੂਰਾ ਦਿਨ ਪੰਜਾਬ ਨੂੰ ਇੱਕ ਉਭਰਦੇ ਬਿਜ਼ਨਸ ਹੱਬ ਵਜੋਂ ਪੇਸ਼ ਕਰਨ ਵਿੱਚ ਬਿਤਾਉਣਗੇ।
Daewoo, GS ENC ਅਤੇ Nongshim ਵਰਗੀਆਂ ਵੱਡੀਆਂ ਕੰਪਨੀਆਂ ਨਾਲ ਰੂਬਰੂ ਗੱਲਬਾਤ
ਸਵੇਰੇ ਤੋਂ ਹੀ ਮੁੱਖ ਮੰਤਰੀ ਦੀਆਂ ਇੱਕ ਤੋਂ ਇੱਕ ਮਹੱਤਵਪੂਰਨ ਮੀਟਿੰਗਾਂ ਸ਼ੁਰੂ ਹੋਣਗੀਆਂ।
ਇਨ੍ਹਾਂ ‘ਚ ਦੱਖਣੀ ਕੋਰੀਆ ਦੀਆਂ ਤਿੰਨ ਵੱਡੀਆਂ ਕੰਪਨੀਆਂ—Daewoo E&C, GS ENC ਅਤੇ ਫੂਡ ਪ੍ਰੋਸੈਸਿੰਗ ਸੈਕਟਰ ਦੀ ਮੁੱਖ ਕੰਪਨੀ Nongshim—ਦੇ ਅਧਿਕਾਰੀਆਂ ਨਾਲ ਗੱਲਬਾਤ ਸ਼ਾਮਲ ਹੈ।
ਮੀਟਿੰਗਾਂ ‘ਚ ਇਨਫ੍ਰਾਸਟ੍ਰਕਚਰ ਤੋਂ ਲੈ ਕੇ ਫੂਡ ਉਦਯੋਗ ਤੱਕ ਕਈ ਸਾਂਝੇ ਪ੍ਰਾਜੈਕਟਾਂ ‘ਤੇ ਚਰਚਾ ਹੋਵੇਗੀ।
‘Ease of Doing Business’ ਤੇ ਕੇਂਦਰਤ ਰਾਊਂਡਟੇਬਲ ਲੰਚ
ਦੁਪਹਿਰ ਦੇ ਸਮੇਂ, ਕੋਰੀਆ ਦੀਆਂ ਪ੍ਰਮੁੱਖ ਬਿਜ਼ਨਸ ਕੰਪਨੀਆਂ ਨਾਲ ਇੱਕ ਰਾਊਂਡਟੇਬਲ ਲੰਚ ਆਯੋਜਿਤ ਕੀਤਾ ਗਿਆ ਹੈ, ਜਿਸ ਵਿੱਚ ਸੀਐਮ ਮਾਨ ਪੰਜਾਬ ਦੀਆਂ ਸੌਖੀਆਂ ਤੇ ਨਿਵੇਸ਼ਕ-ਮਿੱਤਰ ਨੀਤੀਆਂ ਬਾਰੇ ਜਾਣਕਾਰੀ ਦੇਣਗੇ।
ਉਹ ਨਵੇਂ ਨਿਵੇਸ਼ਕਾਂ ਨੂੰ ਇਹ ਵਿਸ਼ਵਾਸ ਦਿਵਾਣਗੇ ਕਿ ਪੰਜਾਬ ਉਦਯੋਗਾਂ ਲਈ ਇਕ ਸੁਰੱਖਿਅਤ, ਤੇਜ਼ ਅਤੇ ਸਰਲ ਮਾਹੌਲ ਪ੍ਰਦਾਨ ਕਰਦਾ ਹੈ।
ਪੰਗਿਓ ਟੈਕਨੋ ਵੈਲੀ ਵਿੱਚ ਸਟਾਰਟਅੱਪ ਸੱਭਿਆਚਾਰ ਦਾ ਅਧਿਐਨ
ਦੁਪਹਿਰ ਬਾਅਦ ਮੁੱਖ ਮੰਤਰੀ ਪੰਗਿਓ ਟੈਕਨੋ ਵੈਲੀ ਦਾ ਦੌਰਾ ਕਰਨਗੇ, ਜਿਸਨੂੰ ਦੱਖਣੀ ਕੋਰੀਆ ਦਾ ਸਿਲਿਕਾਨ ਵੈਲੀ ਕਿਹਾ ਜਾਂਦਾ ਹੈ।
ਇੱਥੇ ਉਹ ਨਵੀਂ ਤਕਨਾਲੋਜੀ, ਨਵੇਂ-ਨਵੇਂ ਸਟਾਰਟਅੱਪ ਮਾਡਲ ਅਤੇ ਟੈਕ-ਇਨੋਵੇਸ਼ਨ ਦੇ ਢਾਂਚੇ ਬਾਰੇ ਜਾਣਕਾਰੀ ਹਾਸਲ ਕਰਨਗੇ, ਤਾਂ ਜੋ ਪੰਜਾਬ ਵਿੱਚ ਭੀ ਇਹ ਤਜਰਬੇ ਲਾਗੂ ਕੀਤੇ ਜਾ ਸਕਣ।
KDIA ਨਾਲ ਸ਼ਾਮ ਦੀ ਮੁਲਾਕਾਤ – ਨਵੀਆਂ ਸਾਂਝੇਦਾਰੀਆਂ ਦਾ ਦਰਵਾਜ਼ਾ
ਸ਼ਾਮ ਨੂੰ ਸੀਐਮ ਮਾਨ ਦੀ KDIA ਦੇ ਪ੍ਰਤੀਨਿਧੀਆਂ ਨਾਲ ਇੱਕ ਅਹਿਮ ਬੈਠਕ ਤਹਿ ਹੈ। ਇਹ ਮੁਲਾਕਾਤ ਸੂਬੇ ਵਿੱਚ ਟੈਕਨੋਲੋਜੀ, ਉਤਪਾਦਨ ਅਤੇ ਨਵੀਆਂ ਉਦਯੋਗਿਕ ਸਾਂਝੇਦਾਰੀਆਂ ਲਈ ਰਾਹ ਸੁਗਮ ਕਰ ਸਕਦੀ ਹੈ।
ਰਾਤ ਨੂੰ ਭਾਰਤੀ ਰਾਜਦੂਤ ਵੱਲੋਂ ਖਾਸ ਡਿਨਰ
ਦਿਨ ਭਰ ਦੀਆਂ ਲਗਾਤਾਰ ਬਿਜ਼ੀ ਮੀਟਿੰਗਾਂ ਤੋਂ ਬਾਅਦ, ਮੁੱਖ ਮੰਤਰੀ ਭਾਰਤ ਦੇ ਰਾਜਦੂਤ ਵੱਲੋਂ ਆਯੋਜਿਤ ਖਾਸ ਡਿਨਰ ਵਿੱਚ ਸ਼ਿਰਕਤ ਕਰਨਗੇ। ਇਸ ਦੌਰਾਨ ਵੀ ਦੋਵੇਂ ਦੇਸ਼ਾਂ ਵਿਚਕਾਰ ਉਦਯੋਗ ਅਤੇ ਤਕਨਾਲੋਜੀ ਸਹਿਯੋਗ ‘ਤੇ ਗੱਲਬਾਤ ਹੋਣ ਦੀ ਸੰਭਾਵਨਾ ਹੈ।

