ਚੰਡੀਗੜ੍ਹ :- ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ’ਚ ਲੋਕ ਹੁਣ ਸਿਹਤ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਚਮੜੀ ਦੇ ਰੋਗਾਂ ਤੋਂ ਲੈ ਕੇ ਅੱਖਾਂ ਵਿੱਚ ਇਨਫੈਕਸ਼ਨ ਤੱਕ ਬੀਮਾਰੀਆਂ ਫੈਲ ਰਹੀਆਂ ਹਨ। ਕਈ ਲੋਕਾਂ ਦੇ ਪੈਰਾਂ ’ਚ ਖਾਰਿਸ਼ ਅਤੇ ਜ਼ਖਮ ਬਣ ਗਏ ਹਨ, ਜਦਕਿ ਅੱਖਾਂ ਵਿੱਚ ਲਾਲੀ ਅਤੇ ਖੁਜਲੀ ਦੀ ਸਮੱਸਿਆ ਵੱਧ ਰਹੀ ਹੈ।
ਸਿਹਤ ਵਿਭਾਗ ਦੀ ਤੁਰੰਤ ਕਾਰਵਾਈ
ਨਵ-ਨਿਯੁਕਤ ਸਿਵਲ ਸਰਜਨ ਡਾ. ਸਵਰਨਜੀਤ ਧਵਨ ਨੇ ਹਾਲਾਤਾਂ ਦਾ ਖੁਦ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਕੈਂਪਾਂ ਦਾ ਪ੍ਰਬੰਧ ਸੁਚਾਰੂ ਬਣਾਇਆ। ਡਾ. ਧਵਨ ਦੀ ਅਗਵਾਈ ਵਿੱਚ ਡਾਕਟਰਾਂ ਅਤੇ ਸਿਹਤ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਨਾਲ ਹੀ ਡੇਂਗੂ ਅਤੇ ਹੋਰ ਮੱਛਰ-ਜਨਤੂਆਂ ਦੀ ਰੋਕਥਾਮ ਲਈ ਮਸ਼ੀਨਾਂ ਰਾਹੀਂ ਛਿੜਕਾਅ ਵੀ ਕੀਤਾ ਜਾ ਰਿਹਾ ਹੈ।
ਦਵਾਈਆਂ ਅਤੇ ਸਹੂਲਤਾਂ ਵੱਡੇ ਪੱਧਰ ’ਤੇ ਉਪਲੱਬਧ
ਸਿਵਲ ਸਰਜਨ ਡਾ. ਧਵਨ ਨੇ ਦੱਸਿਆ ਕਿ ਲੋਕਾਂ ਲਈ ਵੱਡੇ ਪੱਧਰ ’ਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ। ਚਮੜੀ ਦੇ ਰੋਗਾਂ ਲਈ ਟਿਊਬਾਂ ਅਤੇ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਅੱਖਾਂ ਦੀ ਜਾਂਚ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਮੁਫਤ ਆਈ ਡਰਾਪਸ ਦਿੱਤੇ ਜਾ ਰਹੇ ਹਨ।
ਜਾਗਰੂਕਤਾ ਤੇ ਰੋਕਥਾਮ ਮੁਹਿੰਮ
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਫੌਗਿੰਗ ਅਤੇ ਸਪ੍ਰੇਅ ਕੀਤੇ ਜਾ ਰਹੇ ਹਨ। ਲੋਕਾਂ ਨੂੰ ਵੱਖ-ਵੱਖ ਬੀਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਜ਼ਿਲਾ ਐਪੀਡੀਮੋਲੋਜਿਸਟ ਡਾ. ਹਰਜੋਤ ਕੌਰ, ਡਾ. ਅਮਰਦੀਪ ਸਿੰਘ (ਜ਼ਿਲਾ ਐੱਮ.ਈ.ਆਈ.ਓ.), ਏ.ਐੱਮ.ਓ. ਗੁਰਦੇਵ ਸਿੰਘ, ਬਲਜੀਤ ਸਿੰਘ, ਕੁਲਵਿੰਦਰ ਸਿੰਘ, ਐੱਸ.ਆਈ. ਸੁਖਦੇਵ ਸਿੰਘ, ਬਲਵਿੰਦਰ ਸਿੰਘ, ਮਨਜਿੰਦਰ ਸਿੰਘ, ਬਾਬਾ ਸੁਰਜੀਤ ਸਿੰਘ ਅਤੇ ਬਲਜਿੰਦਰ ਸਿੰਘ ਸਮੇਤ ਸਟਾਫ ਹਾਜ਼ਰ ਸੀ।