ਚੰਡੀਗੜ੍ਹ :- ਫਰਵਰੀ ਮਹੀਨਾ ਸ਼ੁਰੂ ਹੁੰਦਿਆਂ ਹੀ ਉੱਤਰੀ ਭਾਰਤ ਵਿੱਚ ਮੌਸਮ ਦਾ ਰੁਖ ਅਚਾਨਕ ਬਦਲ ਗਿਆ ਹੈ। ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਕਈ ਰਾਜਾਂ ਵਿੱਚ ਬੱਦਲਵਾਈ, ਮੀਂਹ ਅਤੇ ਠੰਢ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਨਵਰੀ ਦੇ ਅੰਤ ‘ਤੇ ਮਿਲੀ ਹਲਕੀ ਰਾਹਤ ਤੋਂ ਬਾਅਦ ਹੁਣ ਤਾਪਮਾਨ ਫਿਰ ਹੇਠਾਂ ਲੁੜਕਦਾ ਨਜ਼ਰ ਆ ਰਿਹਾ ਹੈ, ਜਿਸ ਨਾਲ ਸਵੇਰੇ ਅਤੇ ਰਾਤ ਸਮੇਂ ਸਿਆਲੀਆਂ ਹਾਲਾਤ ਬਣ ਗਏ ਹਨ।
ਪੰਜਾਬ ਦੇ 11 ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦੀ ਅਗਾਹੀ
ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਲੋਕਾਂ ਦੀ ਦਿਨਚਰਿਆ ਪ੍ਰਭਾਵਿਤ ਕਰ ਸਕਦੀ ਹੈ। ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮਲੇਰਕੋਟਲਾ ਵਿੱਚ ਕੁਝ ਥਾਵਾਂ ‘ਤੇ ਦਿੱਖ ਕਾਫ਼ੀ ਘੱਟ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਨੌਂ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੇ ਆਸਾਰ
ਇਸ ਦੇ ਨਾਲ ਹੀ ਰਾਜ ਦੇ ਨੌਂ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਰੂਪਨਗਰ ਅਤੇ ਐਸਏਐਸ ਨਗਰ ਮੋਹਾਲੀ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਨਾਲ ਠੰਢ ਹੋਰ ਤੇਜ਼ ਹੋ ਸਕਦੀ ਹੈ।
ਦਿੱਲੀ-ਐਨਸੀਆਰ ਵਿੱਚ ਵੀ ਧੁੰਦ ਅਤੇ ਮੀਂਹ ਦਾ ਅਸਰ
ਪੰਜਾਬ ਦੇ ਨਾਲ-ਨਾਲ ਰਾਜਧਾਨੀ ਦਿੱਲੀ ਵਿੱਚ ਵੀ ਸੋਮਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ। ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ਖੇਤਰ ਲਈ ਤੇਜ਼ ਹਵਾਵਾਂ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਅਨੁਸਾਰ ਪੱਛਮੀ ਗੜਬੜੀ ਦਾ ਅਸਰ 7 ਫਰਵਰੀ ਤੱਕ ਬਣਿਆ ਰਹੇਗਾ।
ਤਾਪਮਾਨ ‘ਚ ਫਿਲਹਾਲ ਕੋਈ ਵੱਡੀ ਰਾਹਤ ਨਹੀਂ
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਦਿੱਲੀ ਵਿੱਚ 5 ਫਰਵਰੀ ਤੱਕ ਵੱਧ ਤੋਂ ਵੱਧ ਤਾਪਮਾਨ ਲਗਭਗ 19 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਵੀ ਅਗਲੇ ਕੁਝ ਦਿਨਾਂ ਤੱਕ ਠੰਢਾ ਅਤੇ ਨਮੀ ਵਾਲਾ ਮੌਸਮ ਬਣਿਆ ਰਹਿਣ ਦੀ ਉਮੀਦ ਹੈ।

