ਸ੍ਰੀ ਫਤਿਹਗੜ੍ਹ ਸਾਹਿਬ :- ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਬੀਤੀ ਰਾਤ ਅਚਾਨਕ ਧਮਾਕੇ ਵਰਗੀ ਭਾਰੀ ਆਵਾਜ਼ ਸੁਣੇ ਜਾਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ਹਿਰ ਭਰ ਵਿੱਚ ਤੁਰੰਤ ਜਾਂਚ ਮੁਹਿੰਮ ਸ਼ੁਰੂ ਕਰ ਦਿੱਤੀ।
ਸ਼ਹਿਰ ਭਰ ‘ਚ ਚਲਾਈ ਗਈ ਤਲਾਸ਼ੀ ਮੁਹਿੰਮ
ਧਮਾਕੇ ਦੀ ਆਵਾਜ਼ ਦੀ ਖ਼ਬਰ ਮਿਲਦੇ ਹੀ ਪੁਲਿਸ ਟੀਮਾਂ ਵੱਲੋਂ ਸੰਵੇਦਨਸ਼ੀਲ ਥਾਵਾਂ, ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਆਸ-ਪਾਸ ਦੇ ਖੇਤਰਾਂ ਦੀ ਵਿਆਪਕ ਤਲਾਸ਼ੀ ਲਈ ਗਈ। ਹਾਲਾਂਕਿ ਜਾਂਚ ਦੌਰਾਨ ਕਿਸੇ ਵੀ ਥਾਂ ਤੋਂ ਧਮਾਕੇ ਨਾਲ ਸਬੰਧਿਤ ਕੋਈ ਸਬੂਤ, ਜਾਨੀ ਜਾਂ ਮਾਲੀ ਨੁਕਸਾਨ ਸਾਹਮਣੇ ਨਹੀਂ ਆਇਆ।
ਸੋਨਿਕ ਬੂਮ ਹੋ ਸਕਦਾ ਹੈ ਕਾਰਨ: ਐਸਪੀ
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਪੀ ਜਸਕੀਰਤ ਅਹੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਕਰੀਬ 9.45 ਵਜੇ ਕੁਝ ਇਲਾਕਿਆਂ ਤੋਂ ਤੇਜ਼ ਧਮਾਕੇ ਦੀ ਆਵਾਜ਼ ਬਾਰੇ ਕਾਲਾਂ ਪ੍ਰਾਪਤ ਹੋਈਆਂ ਸਨ। ਵਿਸ਼ੇਸ਼ ਜਾਂਚ ਤੋਂ ਬਾਅਦ ਕਿਸੇ ਅਸਲੀ ਧਮਾਕੇ ਦੀ ਪੁਸ਼ਟੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਆਵਾਜ਼ ਸੰਭਵ ਤੌਰ ‘ਤੇ ਫਾਈਟਰ ਜੈੱਟ ਦੀ ਉਡਾਣ ਦੌਰਾਨ ਬਣੇ ਸੋਨਿਕ ਬੂਮ ਕਾਰਨ ਹੋ ਸਕਦੀ ਹੈ।
ਅਫਵਾਹਾਂ ਤੋਂ ਬਚਣ ਦੀ ਅਪੀਲ
ਐਸਪੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫਵਾਹਾਂ ‘ਤੇ ਭਰੋਸਾ ਨਾ ਕੀਤਾ ਜਾਵੇ ਅਤੇ ਕਿਸੇ ਵੀ ਸ਼ੱਕੀ ਸਰਗਰਮੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।
ਪਿਛਲੀ ਘਟਨਾ ਕਾਰਨ ਵਧੀ ਚਿੰਤਾ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਰਹਿੰਦ ਇਲਾਕੇ ਵਿੱਚ ਰੇਲਵੇ ਲਾਈਨ ‘ਤੇ ਹੋਏ ਧਮਾਕੇ ਕਾਰਨ ਇੰਜਣ ਨੁਕਸਾਨਿਆ ਗਿਆ ਸੀ ਅਤੇ ਲੋਕੋ ਪਾਇਲਟ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਕਾਰਨ ਇਸ ਤਾਜ਼ਾ ਆਵਾਜ਼ ਨੇ ਲੋਕਾਂ ਵਿੱਚ ਚਿੰਤਾ ਹੋਰ ਵਧਾ ਦਿੱਤੀ।

