ਫਿਰੋਜ਼ਪੁਰ :- ਪੰਜਾਬ ਨੂੰ ਨਸ਼ਿਆਂ ਦੀ ਭਿਆਨਕ ਲਪੇਟ ਤੋਂ ਬਚਾਉਣ ਲਈ ਰਾਜਪਾਲ ਪੰਜਾਬ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਇਕ ਮਹੱਤਵਪੂਰਨ ਕਦਮ ਚੁੱਕਿਆ ਜਾ ਰਿਹਾ ਹੈ। ਇਸ ਕੜੀ ਤਹਿਤ 10 ਫਰਵਰੀ ਨੂੰ ਫਿਰੋਜ਼ਪੁਰ ਸ਼ਹਿਰ ਵਿੱਚ ‘ਨਸ਼ਿਆਂ ਵਿਰੁੱਧ ਪੈਦਲ ਯਾਤਰਾ’ ਕਰਵਾਈ ਜਾਵੇਗੀ, ਜਿਸ ਦੀ ਅਗਵਾਈ ਖੁਦ ਰਾਜਪਾਲ ਕਰਨਗੇ।
ਤਿਆਰੀਆਂ ਨੂੰ ਲੈ ਕੇ ਪ੍ਰਸ਼ਾਸਨ ਸਰਗਰਮ
ਪੈਦਲ ਯਾਤਰਾ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਰਾਜਪਾਲ ਦੇ ਦੌਰੇ ਅਤੇ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕੀਤੀਆਂ ਜਾਣ।
ਸਾਰਾਗੜ੍ਹੀ ਮੈਮੋਰੀਅਲ ਤੋਂ ਸ਼ੁਰੂ ਹੋਏਗੀ ਯਾਤਰਾ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਜਾਗਰੂਕਤਾ ਪੈਦਲ ਯਾਤਰਾ 10 ਫਰਵਰੀ 2026 ਨੂੰ ਸਵੇਰੇ 11.30 ਵਜੇ ਸਾਰਾਗੜ੍ਹੀ ਮੈਮੋਰੀਅਲ, ਫਿਰੋਜ਼ਪੁਰ ਛਾਉਣੀ ਤੋਂ ਸ਼ੁਰੂ ਹੋ ਕੇ ਸਰਕਾਰੀ ਸਕੂਲ ਆਫ਼ ਐਮੀਨੈਂਸ, ਫਿਰੋਜ਼ਪੁਰ ਸ਼ਹਿਰ ਤੱਕ ਪਹੁੰਚੇਗੀ। ਇਸ ਦੌਰਾਨ ਰਾਜਪਾਲ ਲੋਕਾਂ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਦਾ ਸੰਦੇਸ਼ ਵੀ ਦੇਣਗੇ।
ਵਿਦਿਆਰਥੀ, ਨੌਜਵਾਨ ਤੇ ਐਨਜੀਓਜ਼ ਹੋਣਗੇ ਸ਼ਾਮਿਲ
ਇਸ ਪੈਦਲ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ, ਯੂਥ ਕਲੱਬਾਂ ਦੇ ਮੈਂਬਰ, ਸਵੈੱਛਿਕ ਸੰਸਥਾਵਾਂ ਅਤੇ ਸਮਾਜ ਸੇਵੀ ਸੰਗਠਨ ਹਿੱਸਾ ਲੈਣਗੇ। ਸਾਰਿਆਂ ਵੱਲੋਂ ਨਸ਼ਾ ਤਿਆਗਣ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਕਲਪ ਦੁਹਰਾਇਆ ਜਾਵੇਗਾ।
ਸੁਰੱਖਿਆ ਤੋਂ ਲੈ ਕੇ ਸਿਹਤ ਸਹੂਲਤਾਂ ਤੱਕ ਪੂਰੇ ਪ੍ਰਬੰਧ
ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧ, ਟਰੈਫਿਕ ਨਿਯੰਤਰਣ, ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਮੈਡੀਕਲ ਟੀਮਾਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਦੇ ਨਿਰਦੇਸ਼ ਦਿੱਤੇ।
ਉੱਚ ਅਧਿਕਾਰੀ ਰਹੇ ਮੌਜੂਦ
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿ) ਅਰਵਿੰਦ ਕੁਮਾਰ, ਐੱਸਡੀਐੱਮ ਫਿਰੋਜ਼ਪੁਰ ਮੈਡਮ ਲਿੰਧਿਆ, ਐੱਸਪੀ ਮਨਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ, ਏਟੀਓ ਰਾਕੇਸ਼ ਕੁਮਾਰ ਸਮੇਤ ਕਈ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

