ਤਰਨ ਤਾਰਨ :- ਪੰਜਾਬ ਦਾ ਸਿਆਸੀ ਪਾਰਾ ਇੱਕ ਵਾਰ ਫਿਰ ਚੜ੍ਹ ਗਿਆ ਹੈ। ਤਰਨਤਾਰਨ ਜ਼ਿਮਨੀ ਚੋਣਾਂ ਲਈ ਅੱਜ ਤੋਂ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਮੀਦਵਾਰ 21 ਅਕਤੂਬਰ ਤੱਕ ਆਪਣੇ ਕਾਗਜ਼ ਜਮ੍ਹਾ ਕਰ ਸਕਣਗੇ। ਇਸ ਤੋਂ ਬਾਅਦ 22 ਅਕਤੂਬਰ ਨੂੰ ਦਸਤਾਵੇਜ਼ਾਂ ਦੀ ਜਾਂਚ ਹੋਵੇਗੀ, ਜਦਕਿ 24 ਅਕਤੂਬਰ ਤੱਕ ਨਾਂ ਵਾਪਸ ਲਏ ਜਾ ਸਕਣਗੇ।
ਵੋਟਿੰਗ 11 ਨਵੰਬਰ ਨੂੰ, ਨਤੀਜੇ 14 ਨੂੰ ਆਉਣਗੇ
ਚੋਣ ਕਮਿਸ਼ਨ ਅਨੁਸਾਰ, ਤਰਨਤਾਰਨ ਹਲਕੇ ਵਿੱਚ ਵੋਟਾਂ 11 ਨਵੰਬਰ ਨੂੰ ਪੈਣਗੀਆਂ ਤੇ ਗਿਣਤੀ 14 ਨਵੰਬਰ ਨੂੰ ਕੀਤੀ ਜਾਵੇਗੀ। ਇਸ ਐਲਾਨ ਨਾਲ ਹੀ ਸਿਆਸੀ ਹਲਕਿਆਂ ‘ਚ ਚਰਚਾ ਦਾ ਮਾਹੌਲ ਬਣ ਗਿਆ ਹੈ।
ਸਭ ਪਾਰਟੀਆਂ ਨੇ ਕੀਤੇ ਆਪਣੇ ਉਮੀਦਵਾਰ ਤੈਅ
ਆਮ ਆਦਮੀ ਪਾਰਟੀ ਨੇ ਹਰਮਜੀਤ ਸਿੰਘ ਸੰਧੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਹੈ, ਜਦਕਿ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ, ਭਾਜਪਾ ਨੇ ਹਰਜੀਤ ਸੰਧੂ ਨੂੰ ਚੋਣੀ ਦੌੜ ‘ਚ ਸ਼ਾਮਲ ਕੀਤਾ ਹੈ, ਜਦਕਿ ਅਕਾਲੀ ਦਲ ਅੰਮ੍ਰਿਤਸਰ ਨੇ ਸੰਦੀਪ ਸੰਨੀ ਦੇ ਭਰਾ ਮਨਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ।