ਗੁਰਦਾਸਪੁਰ :- ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਬਟਾਲਾ ਦੇ ਪਿੰਡ ਬਹਾਦਰਪੁਰ ਜੋਆ ਵਿੱਚ ਬਿਆਸ ਦਰਿਆ ਨੇ ਖਤਰਨਾਕ ਰੁਖ ਧਾਰਨ ਕਰ ਲਿਆ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਦਰਿਆ ਦਾ ਪਾਣੀ ਖੇਤਾਂ ਵੱਲ ਮੁੜਿਆ ਹੋਇਆ ਹੈ, ਜਿਸ ਕਾਰਨ ਹਰ ਰੋਜ਼ 4 ਤੋਂ 5 ਕਿੱਲੇ ਉਪਜਾਊ ਵਾਹੀਯੋਗ ਜ਼ਮੀਨ ਦਰਿਆ ਦੀ ਧਾਰ ਵਿਚ ਸਮਾ ਰਹੀ ਹੈ।
ਕਿਸਾਨਾਂ ਦੀ ਸਾਲਾਂ ਦੀ ਮਿਹਨਤ ਪਾਣੀ ਵਿੱਚ ਡੁੱਬਦੀ
ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤੀ ਜ਼ਮੀਨ ਪਾਣੀ ਦੀ ਲਪੇਟ ਵਿੱਚ ਆ ਰਹੀ ਹੈ। ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਉਸਦੇ ਕੋਲ ਕੁੱਲ 6 ਏਕੜ ਜ਼ਮੀਨ ਸੀ, ਜਿਸ ਵਿੱਚੋਂ ਪਿਛਲੇ ਦੋ ਹਫ਼ਤਿਆਂ ਵਿੱਚ ਹੀ 2 ਏਕੜ ਦਰਿਆ ਨਿਗਲ ਗਿਆ ਹੈ। ਉਹ ਕਹਿੰਦਾ ਹੈ ਕਿ ਜੇ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਅਗਲੇ ਸਾਲ ਤੱਕ ਕੁਝ ਵੀ ਨਹੀਂ ਬਚੇਗਾ।
ਪਿੰਡ ਵਾਸੀਆਂ ਦੇ ਘਰਾਂ ਤੱਕ ਪਹੁੰਚਿਆ ਖਤਰਾ
ਪਿੰਡ ਵਾਸੀ ਬਲਕਾਰ ਸਿੰਘ ਨੇ ਦੱਸਿਆ ਕਿ ਦਰਿਆ ਦਾ ਬਹਾਵ ਹੁਣ ਉਹਨਾਂ ਦੇ ਘਰਾਂ ਦੇ ਨੇੜੇ ਤੱਕ ਆ ਗਿਆ ਹੈ। ਉਹਨਾਂ ਨੇ ਚਿੰਤਾ ਜਤਾਈ ਕਿ ਕਦੇ ਉਹਨਾਂ ਦੇ ਘਰ ਵੀ ਪਾਣੀ ਵਿਚ ਨਾ ਡੁੱਬ ਜਾਣ। ਪਿੰਡ ਦੇ ਹੋਰ ਰਹਿਣ ਵਾਲੇ ਰਣਜੀਤ ਸਿੰਘ, ਅਮਰੀਕ ਸਿੰਘ, ਦਿਲਬਾਗ ਸਿੰਘ, ਦੀਦਾਰ ਸਿੰਘ ਅਤੇ ਜੋਗਿੰਦਰ ਸਿੰਘ ਦੀਆਂ ਜ਼ਮੀਨਾਂ ਵੀ ਇਸ ਕਹਿਰ ਦੀ ਲਪੇਟ ਵਿੱਚ ਆ ਚੁੱਕੀਆਂ ਹਨ।
ਪਿੰਡ ਦੀ ਅਰਥਵਿਵਸਥਾ ਲਈ ਵੱਡਾ ਸੰਕਟ
ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਜੇ ਦਰਿਆ ਦੇ ਰੁਖ ਨੂੰ ਜਲਦੀ ਨਾ ਰੋਕਿਆ ਗਿਆ ਤਾਂ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਬਰਬਾਦ ਹੋ ਸਕਦੀ ਹੈ। ਇਸ ਨਾਲ ਸੈਂਕੜੇ ਪਰਿਵਾਰ ਬੇਘਰ ਹੋ ਜਾਣਗੇ ਅਤੇ ਪਿੰਡ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।
ਸਰਪੰਚ ਨੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ
ਸਰਪੰਚ ਕੈਪਟਨ ਕੁਲਵਿੰਦਰ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਦਰਿਆ ਦੇ ਬਹਾਵ ਨੂੰ ਰੋਕਣ ਲਈ ਤੁਰੰਤ ਆਰਜ਼ੀ ਪ੍ਰਬੰਧ ਕੀਤੇ ਜਾਣ। ਉਹਨਾਂ ਨੇ ਕਿਹਾ ਕਿ ਮਜ਼ਬੂਤ ਬੰਨ੍ਹਾਂ ਦੀ ਲੋੜ ਹੈ ਤਾਂ ਜੋ ਖੇਤਾਂ ਅਤੇ ਪਿੰਡ ਦੋਵੇਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ‘ਤੇ ਕੈਪਟਨ ਨੌ ਨਿਹਾਲ ਸਿੰਘ, ਮਾਸਟਰ ਸਤਨਾਮ ਸਿੰਘ, ਦਿਲਬਾਗ ਸਿੰਘ, ਅਮਰੀਕ ਸਿੰਘ, ਦੀਦਾਰ ਸਿੰਘ ਅਤੇ ਬਲਕਾਰ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।