ਚੰਡੀਗੜ੍ਹ :- ਕਾਰਤਿਕ ਬੱਗਨ ਕਤਲ ਕਾਂਡ ਦਾ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਵਿੱਕੀ ਨਿਹੰਗ ਕਈ ਹਫ਼ਤਿਆਂ ਤੋਂ ਪੁਲਸ ਨੂੰ ਚਕਮਾ ਦੇ ਰਿਹਾ ਸੀ। ਗ੍ਰਿਫ਼ਤਾਰੀ ਤੋਂ ਬਚਣ ਲਈ ਉਸ ਨੇ ਆਪਣੀ ਪਹਿਚਾਣ ਹੀ ਬਦਲ ਲਈ। ਨਿਹੰਗ ਸਵਰੂਪ ਛੱਡ ਕੇ ਉਸ ਨੇ ਪੱਗੜੀ ਉਤਾਰ ਦਿੱਤੀ, ਕੇਸ ਤੇ ਦਾੜ੍ਹੀ ਕਟਵਾ ਕੇ ਸਟਾਈਲਿਸਟ ਟ੍ਰਿਮ ਕਰਵਾ ਲਈ, ਤਾਂ ਜੋ ਕਿਸੇ ਨੂੰ ਉਸ ‘ਤੇ ਸ਼ੱਕ ਨਾ ਹੋਵੇ। ਪਰ ਪੁਲਸ ਦੀ ਤੀਖ਼ੀ ਨਿਗਾਹ ਤੋਂ ਉਹ ਨਹੀਂ ਬਚ ਸਕਿਆ।
ਸਿੱਧਵਾਂ ਬੇਟ ’ਚ ਲੁਕਿਆ ਸੀ, ਫਾਇਰਿੰਗ ਕਰ ਬਚਣ ਦੀ ਕੀਤੀ ਕੋਸ਼ਿਸ਼
ਏ.ਜੀ.ਟੀ.ਐਫ. ਦੀ ਟੀਮ ਨੂੰ ਸੂਚਨਾ ਮਿਲੀ ਕਿ ਵਿੱਕੀ ਨਿਹੰਗ ਲੁਧਿਆਣਾ ਦੇ ਸਿੱਧਵਾਂ ਬੇਟ ਇਲਾਕੇ ’ਚ ਆਪਣੇ ਰਿਸ਼ਤੇਦਾਰ ਦੇ ਘਰ ’ਚ ਲੁਕਿਆ ਹੋਇਆ ਹੈ। ਪੁਲਸ ਟੀਮ ਜਦ ਛਾਪਾ ਮਾਰਣ ਲਈ ਪਹੁੰਚੀ ਤਾਂ ਵਿੱਕੀ ਨੇ ਪੁਲਸ ਨੂੰ ਦੇਖਦੇ ਹੀ ਫਾਇਰਿੰਗ ਕਰ ਦਿੱਤੀ। ਜਵਾਬੀ ਫਾਇਰਿੰਗ ਵਿੱਚ ਉਸ ਦੇ ਪੈਰ ’ਚ ਗੋਲੀ ਲੱਗੀ ਅਤੇ ਆਖ਼ਰਕਾਰ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਇਸ ਸਮੇਂ ਉਹ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਹੇਠ ਹੈ।
23 ਅਗਸਤ ਨੂੰ ਕਾਰਤਿਕ ਬੱਗਨ ਦਾ ਹੋਇਆ ਸੀ ਕਤਲ
ਦਰਅਸਲ, 23 ਅਗਸਤ ਨੂੰ ਵਿੱਕੀ ਨਿਹੰਗ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਕਾਰਤਿਕ ਬੱਗਨ ਨੂੰ ਘਾਟੀ ਮੁਹੱਲੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਾਰਤਿਕ ਨੂੰ 4 ਗੋਲੀਆਂ ਮਾਰੀ ਗਈਆਂ ਸਨ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਕਮਿਸ਼ਨਰੇਟ ਪੁਲਸ ਨੇ ਤੁਰੰਤ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕੀਤੀ। ਪਹਿਲਾਂ ਉਸ ਦੇ ਦੋ ਸਾਥੀ ਅਮਨਦੀਪ ਸਿੰਘ ਉਰਫ ਸੈਮ ਅਤੇ ਸਾਹਿਬ ਨੂੰ ਮਹਾਰਾਸ਼ਟਰ ਦੇ ਹਜ਼ੂਰ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਵਿੱਕੀ ਨਿਹੰਗ ਫਰਾਰ ਸੀ।
ਪਹਿਲਾਂ ਵੀ ਕਈ ਮਾਮਲਿਆਂ ’ਚ ਫੜਿਆ ਜਾ ਚੁੱਕਾ ਹੈ ਵਿੱਕੀ
ਪੁਲਸ ਰਿਕਾਰਡ ਮੁਤਾਬਕ ਜਨਵਰੀ 2025 ਵਿੱਚ ਵਿੱਕੀ ਨਿਹੰਗ ਨੂੰ ਮੋਹਾਲੀ ਤੋਂ ਦੋ ਨਾਜਾਇਜ਼ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਉਹ ਵਿਦੇਸ਼ ‘ਚ ਬੈਠੇ ਹੈਂਡਲਰਾਂ ਤੋਂ ਟਾਰਗੇਟ ਲੈ ਕੇ ਪੰਜਾਬ ਵਿੱਚ ਵਾਰਦਾਤਾਂ ਕਰਦਾ ਸੀ। ਹੁਣ ਪੁਲਸ ਵੱਲੋਂ ਉਸ ਨਾਲ ਪੁੱਛਗਿੱਛ ਜਾਰੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਕਤਲ ਕਾਂਡ ਦੀ ਪੂਰੀ ਸਾਜ਼ਿਸ਼ ਜਲਦੀ ਬੇਨਕਾਬ ਹੋਵੇਗੀ।