ਚੰਡੀਗੜ੍ਹ :- ਹਿਮਾਚਲ ਪ੍ਰਦੇਸ਼ ‘ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਘੱਗਰ ਦਰਿਆ ਦੀ ਸਥਿਤੀ ਸਭ ਤੋਂ ਵੱਧ ਚਿੰਤਾਜਨਕ ਬਣੀ ਹੋਈ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਅਲਰਟ ਜਾਰੀ ਕੀਤਾ ਹੈ।
ਟਾਂਗਰੀ ਅਤੇ ਘੱਗਰ ਡੇਂਜਰ ਲੈਵਲ ਤੋਂ ਪਾਰ
ਪ੍ਰਸ਼ਾਸਨ ਅਨੁਸਾਰ, ਟਾਂਗਰੀ ਅਤੇ ਘੱਗਰ ਦਰਿਆ ਡੇਂਜਰ ਲੈਵਲ ਤੋਂ ਉੱਪਰ ਵਹਿ ਰਹੇ ਹਨ। ਇਸ ਕਰਕੇ ਰਾਜਪੁਰਾ, ਸਮਾਣਾ ਅਤੇ ਪਾਤੜਾਂ ਨਾਲ ਲੱਗਦੇ ਪਿੰਡਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਪਿੰਡ ਹਰਚੰਦਪੁਰਾ, ਬਾਦਸ਼ਾਹਪੁਰ, ਅਰਨੇਟੂ, ਰਸੋਲੀ, ਸ਼ੁਤਰਾਣਾ, ਜੋਗੇਵਾਲ, ਗੁਲਾਹੜ, ਪੈਂਦ, ਸਧਾਰਨਪੁਰ ਅਤੇ ਸਿਊਨਾ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਰਾਜਪੁਰਾ ‘ਚ ਪੱਚੀਦਰਾ ਖੇਤਰ ਵਿੱਚ ਖਤਰੇ ਦੀ ਘੰਟੀ
ਰਾਜਪੁਰਾ ਦੇ ਪੱਚੀਦਰਾ ਖੇਤਰ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਨਿਵਾਸੀਆਂ ਨੂੰ ਉੱਚੇ ਅਤੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਸਲਾਹ ਦਿੱਤੀ ਗਈ ਹੈ। ਵਗਦੇ ਪਾਣੀ ਦੇ ਨੇੜੇ ਨਾ ਜਾਣ ਦੀ ਵੀ ਹਦਾਇਤ ਜਾਰੀ ਕੀਤੀ ਗਈ ਹੈ।
ਝੰਬੋਵਾਲੀ ਚੋਅ ਭਰੀ, ਪਿੰਡਾਂ ਲਈ ਅਡਵਾਈਜ਼ਰੀ
ਸੰਗਰੂਰ ਆਰਾ ਦੇ ਗੇਟ ਬੰਦ ਕੀਤੇ ਜਾਣ ਕਰਕੇ ਝੰਬੋਵਾਲੀ ਚੋਅ ਵਿੱਚ ਪਾਣੀ ਭਰ ਗਿਆ ਹੈ। ਇਸ ਕਾਰਨ ਖੇੜੀ ਨਗਾਈਆਂ, ਸਿਹਾਲ, ਬਰਾਸ, ਧੂਹੜ, ਦੁਗਾਲ ਕਲਾਂ, ਦੁਗਾਲ ਖੁਰਦ, ਹਰਿਆਓ ਖੁਰਦ, ਹਰਿਆਓ ਕਲਾਂ, ਸੇਲਵਾਲਾ ਅਤੇ ਖਾਨੇਵਾਲ ਪਿੰਡਾਂ ਦੇ ਵਸਨੀਕਾਂ ਨੂੰ ਚੋਅ ਦੇ ਨੇੜੇ ਨਾ ਜਾਣ ਲਈ ਕਿਹਾ ਗਿਆ ਹੈ।
ਐਮਰਜੈਂਸੀ ਸੰਪਰਕ ਨੰਬਰ ਜਾਰੀ
ਹਰ ਕਿਸੇ ਹੰਗਾਮੀ ਸਥਿਤੀ ਵਿੱਚ ਪਾਤੜਾਂ ਕੰਟਰੋਲ ਰੂਮ (01764-243403), ਸਮਾਣਾ ਕੰਟਰੋਲ ਰੂਮ (01764-221190) ਅਤੇ ਪਟਿਆਲਾ ਜ਼ਿਲ੍ਹਾ ਕੰਟਰੋਲ ਰੂਮ (0175-2350550, 2358550) ‘ਤੇ ਤੁਰੰਤ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।