ਮੋਹਾਲੀ :- ਪੰਜਾਬੀ ਹਾਸਰਸ ਅਤੇ ਕਾਮੇਡੀ ਦੀ ਦੁਨੀਆ ਨੂੰ ਵੱਡਾ ਧੱਕਾ ਲੱਗਾ ਹੈ। ਲੋਕਾਂ ਦੇ ਚਿਹਰਿਆਂ ‘ਤੇ ਹਮੇਸ਼ਾਂ ਮੁਸਕਾਨ ਲਿਆਉਣ ਵਾਲੇ ਕਾਮੇਡੀ ਕਲਾਕਾਰ ਜਸਵਿੰਦਰ ਭੱਲਾ ਦਾ ਬ੍ਰੇਨ ਸਟ੍ਰੋਕ ਕਾਰਨ ਦੇਹਾਂਤ ਹੋ ਗਿਆ। ਉਹ 65 ਸਾਲ ਦੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਆਖਰੀ ਯਾਤਰਾ ‘ਤੇ ਨਿਕਲ ਚੁੱਕੀ ਹੈ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮੋਹਾਲੀ ਵਿੱਚ ਕੀਤਾ ਜਾਵੇਗਾ ਤੇ ਇਸ ਖ਼ਬਰ ਨਾਲ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸੋਗ ਦੀ ਲਹਿਰ ਦੌੜ ਗਈ ਹੈ।
ਦੋਰਾਹਾ ਦੇ ਸਾਦਗੀਪ੍ਰੇਮੀ ਤੋਂ ਪੰਜਾਬੀ ਘਰ-ਘਰ ਦੇ ਚਿਹਰੇ ਤੱਕ
ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਕਸਬੇ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਬਹਾਦਰ ਸਿੰਘ ਭੱਲਾ ਇੱਕ ਅਧਿਆਪਕ ਸਨ, ਜਿਸ ਕਰਕੇ ਉਨ੍ਹਾਂ ਦੀ ਪਰਵਰਿਸ਼ ਸਾਦਗੀ ਅਤੇ ਸਿੱਖਿਆ ਦੇ ਸਾਥ ਨਾਲ ਹੋਈ। ਮੁੱਢਲੀ ਪੜ੍ਹਾਈ ਦੋਰਾਹਾ ਤੋਂ ਕਰਨ ਤੋਂ ਬਾਅਦ, ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਤੋਂ 1982 ਵਿੱਚ ਬੀਐਸਸੀ (ਖੇਤੀਬਾੜੀ) ਆਨਰਜ਼ ਅਤੇ 1985 ਵਿੱਚ ਐਮਐਸਸੀ (ਐਕਸਟੈਂਸ਼ਨ ਐਜੂਕੇਸ਼ਨ) ਪੂਰੀ ਕੀਤੀ।
ਭੱਲਾ ਨੇ ਬਾਅਦ ਵਿੱਚ ਮੇਰਠ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ। ਉਹ ਸਿਰਫ਼ ਇੱਕ ਅਧਿਆਪਕ ਹੀ ਨਹੀਂ, ਸਗੋਂ ਕਲਾ ਪ੍ਰੇਮੀ ਵੀ ਸਨ। ਹਾਸਰਸ ਵਿੱਚ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਅਤੇ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਆਪਣਾ ਨਾਮ ਸੁਨਹਿਰੇ ਅੱਖਰਾਂ ਵਿੱਚ ਦਰਜ ਕਰਵਾਇਆ।
ਹਾਸੇ ਦੀ ਵਿਰਾਸਤ ਹਮੇਸ਼ਾਂ ਯਾਦ ਰਹੇਗੀ
ਜਸਵਿੰਦਰ ਭੱਲਾ ਨੇ ਅਨੇਕਾਂ ਕਾਮੇਡੀ ਕਿਰਦਾਰਾਂ ਨਾਲ ਲੋਕਾਂ ਨੂੰ ਹਸਾਇਆ, ਸਮਾਜਿਕ ਸੁਨੇਹੇ ਦਿੱਤੇ ਅਤੇ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੇ ਅਚਾਨਕ ਜਾਣ ਨਾਲ ਪੰਜਾਬੀ ਮਨੋਰੰਜਨ ਜਗਤ ਵਿੱਚ ਇੱਕ ਵੱਡੀ ਖਾਲੀਝਗ੍ਹਾ ਪੈਦਾ ਹੋ ਗਈ ਹੈ।