ਚੰਡੀਗੜ੍ਹ :- ਪੰਜਾਬ ਵਿੱਚ ਇੱਕ ਵਾਰ ਫਿਰ ਪਰਾਲੀ ਸਾੜਨ ਦਾ ਮਸਲਾ ਗੰਭੀਰ ਹੋ ਰਿਹਾ ਹੈ। ਪਾਬੰਦੀਆਂ ਅਤੇ ਸਰਕਾਰੀ ਹਦਾਇਤਾਂ ਦੇ ਬਾਵਜੂਦ ਕਈ ਕਿਸਾਨ ਆਪਣੇ ਖੇਤਾਂ ਵਿੱਚ ਅੱਗ ਲਗਾ ਰਹੇ ਹਨ। ਐਤਵਾਰ ਨੂੰ ਸਿਰਫ਼ ਇੱਕ ਦਿਨ ਵਿੱਚ 440 ਨਵੇਂ ਕੇਸ ਦਰਜ ਕੀਤੇ ਗਏ, ਜਿਸ ਨਾਲ ਇਸ ਸੀਜ਼ਨ ਦੌਰਾਨ ਮਾਮਲਿਆਂ ਦੀ ਕੁੱਲ ਗਿਣਤੀ 4,062 ਤੱਕ ਪਹੁੰਚ ਗਈ ਹੈ।
ਮਾਲਵਾ ਖੇਤਰ ਤੋਂ ਸਭ ਤੋਂ ਵੱਧ ਕੇਸ
ਮਿਲੀ ਜਾਣਕਾਰੀ ਅਨੁਸਾਰ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਮਾਲਵਾ ਖੇਤਰ ਤੋਂ ਸਾਹਮਣੇ ਆ ਰਹੇ ਹਨ। ਸੰਗਰੂਰ ਜ਼ਿਲ੍ਹਾ ਸਭ ਤੋਂ ਅੱਗੇ ਹੈ, ਜਿੱਥੇ ਹੁਣ ਤੱਕ 652 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਤਰਨਤਾਰਨ (599) ਅਤੇ ਫਿਰੋਜ਼ਪੁਰ (417) ਦਾ ਨੰਬਰ ਆਉਂਦਾ ਹੈ। ਅੰਮ੍ਰਿਤਸਰ ਵਿੱਚ 295 ਤੇ ਬਠਿੰਡਾ ਵਿੱਚ 278 ਕੇਸ ਦਰਜ ਕੀਤੇ ਗਏ ਹਨ।
ਪਿਛਲੇ ਸਾਲ ਨਾਲੋਂ ਘੱਟ ਪਰ ਰਫ਼ਤਾਰ ਤੇਜ਼
ਭਾਵੇਂ ਇਸ ਸਾਲ ਦੀ ਗਿਣਤੀ ਪਿਛਲੇ ਸਾਲ ਨਾਲੋਂ ਘੱਟ ਹੈ—ਜਦੋਂ 6,266 ਮਾਮਲੇ ਦਰਜ ਹੋਏ ਸਨ—ਪਰ ਪਿਛਲੇ ਕੁਝ ਦਿਨਾਂ ਦੌਰਾਨ ਵਾਧੇ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਵਾਤਾਵਰਣ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਹਵਾ ਦੀ ਗੁਣਵੱਤਾ ਹੋਰ ਵੀ ਬਿਗੜ ਸਕਦੀ ਹੈ।
ਕਿਸਾਨਾਂ ਨੇ ਦਿੱਤੀ ਆਪਣੀ ਵਜ੍ਹਾ
ਕਈ ਕਿਸਾਨਾਂ ਨੇ ਦੱਸਿਆ ਕਿ ਇਸ ਸਾਲ ਝੋਨੇ ਦੀ ਕਟਾਈ ਮੀਂਹ ਤੇ ਮੌਸਮੀ ਬਦਲਾਅ ਕਾਰਨ ਦੇਰੀ ਨਾਲ ਹੋਈ, ਜਿਸ ਕਰਕੇ ਹੁਣ ਕਣਕ ਦੀ ਬਿਜਾਈ ਦੇ ਸਮੇਂ ‘ਤੇ ਦਬਾਅ ਹੈ। ਖੇਤ ਜਲਦੀ ਸਾਫ਼ ਕਰਨ ਦੀ ਲੋੜ ਕਾਰਨ ਉਹਨਾਂ ਨੇ ਅੱਗ ਲਗਾਉਣ ਦਾ ਫ਼ੈਸਲਾ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਮਸ਼ੀਨਰੀ ਦੀ ਕਮੀ ਤੇ ਉੱਚਾ ਖਰਚਾ ਵੀ ਇਸ ਸਮੱਸਿਆ ਨੂੰ ਵਧਾ ਰਿਹਾ ਹੈ।
ਹਰਿਆਣਾ ਤੇ ਦਿੱਲੀ ਦਾ ਹਾਲ ਵੀ ਖਰਾਬ
ਇਸੇ ਤਰ੍ਹਾਂ ਹਰਿਆਣਾ ਵਿੱਚ ਵੀ ਪਰਾਲੀ ਸਾੜਨ ਦੇ ਮਾਮਲੇ ਵਧ ਰਹੇ ਹਨ। ਇੱਕ ਦਿਨ ਵਿੱਚ 67 ਨਵੇਂ ਕੇਸ ਦਰਜ ਕੀਤੇ ਗਏ ਹਨ — ਜੋ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਹਨ। ਫਤਿਹਾਬਾਦ, ਕੈਥਲ, ਕੁਰੂਕਸ਼ੇਤਰ ਤੇ ਝੱਜਰ ਜ਼ਿਲ੍ਹੇ ਸਭ ਤੋਂ ਪ੍ਰਭਾਵਿਤ ਹਨ। ਦਿੱਲੀ ਦੇ ਨੇੜਲੇ ਇਲਾਕੇ ਬਹਾਦਰਗੜ੍ਹ ਵਿੱਚ ਹਵਾ ਦੀ ਗੁਣਵੱਤਾ “ਗੰਭੀਰ” ਸ਼੍ਰੇਣੀ ਵਿੱਚ ਪਹੁੰਚ ਗਈ ਹੈ, ਜਿੱਥੇ ਐਤਵਾਰ ਨੂੰ ਏਅਰ ਕੁਆਲਟੀ ਇੰਡੈਕਸ (AQI) 370 ਦਰਜ ਕੀਤਾ ਗਿਆ।
ਪ੍ਰਸ਼ਾਸਨ ਸਾਵਧਾਨ, ਕਾਰਵਾਈ ਦਾ ਸੰਕੇਤ
ਪਰਾਲੀ ਸਾੜਨ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਸਰਕਾਰੀ ਵਿਭਾਗਾਂ ਨੇ ਸਖ਼ਤੀ ਦੇ ਸੰਕੇਤ ਦਿੱਤੇ ਹਨ। ਵਾਤਾਵਰਣ ਵਿਭਾਗ ਵੱਲੋਂ ਖੇਤਾਂ ਦੀ ਨਿਗਰਾਨੀ ਵਧਾਈ ਜਾ ਰਹੀ ਹੈ, ਜਦਕਿ ਡਰੋਨ ਰਾਹੀਂ ਸਟਬਲ ਬਰਨਿੰਗ ਦੀ ਪਹਿਚਾਣ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਤੋਂ ਕਤਈ ਗੁਰੇਜ਼ ਨਹੀਂ ਕੀਤਾ ਜਾਵੇਗਾ।

