ਮਜੀਠਾ :- ਬੀਤੀ ਰਾਤ ਹਲਕਾ ਮਜੀਠਾ ਦੇ ਪਿੰਡ ਟਾਲੀ ਸਾਹਿਬ ਵਿੱਚ ਫਾਇਰਿੰਗ ਦੀ ਘਟਨਾ ਨੇ ਖੇਤਰ ਦਾ ਮਾਹੌਲ ਤਣਾਓਪੂਰਨ ਕਰ ਦਿੱਤਾ। ਇੱਕ ਘਰ ਦੇ ਬਾਹਰ ਅਣਪਛਾਤੇ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਆਏ ਤੇ ਛੇ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ। ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਸਾਫ਼ ਕੈਦ ਹੋਈ ਹੈ।
ਗੋਲੀਆਂ ਗੇਟ ਤੇ ਕਾਰ ਨੂੰ ਲੱਗੀਆਂ, ਪਰਿਵਾਰ ਹੈਰਾਨ
ਪ੍ਰਾਰੰਭਿਕ ਜਾਂਚ ਮੁਤਾਬਕ, ਚਲਾਈਆਂ ਗਈਆਂ ਛੇ ਗੋਲੀਆਂ ਵਿੱਚੋਂ ਪੰਜ ਗੇਟ ਨਾਲ ਟਕਰਾਈਆਂ, ਜਦਕਿ ਇੱਕ ਗੋਲੀ ਘਰ ਦੇ ਅੰਦਰ ਖੜ੍ਹੀ ਕਾਰ ਦੇ ਟਾਇਰ ਵਿੱਚ ਜਾ ਵੱਢੀ। ਵਾਰਦਾਤ ਦੇ ਸਮੇਂ ਪਰਿਵਾਰ ਅੰਦਰ ਮੌਜੂਦ ਸੀ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ।
ਪ੍ਰਭਾਵਿਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਜਾਂ ਮਨਮੁਟਾਅ ਨਹੀਂ। ਨਾ ਹੀ ਕਿਸੇ ਤਰ੍ਹਾਂ ਦੀ ਧਮਕੀ ਜਾਂ ਫਿਰੌਤੀ ਦੀ ਕਾਲ ਪ੍ਰਾਪਤ ਹੋਈ ਹੈ। “ਸਾਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਘਰ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ,” ਪਰਿਵਾਰ ਨੇ ਕਿਹਾ।
ਸੀਸੀਟੀਵੀ ਫੁਟੇਜ ਵਿੱਚ ਦਿਖੇ ਤਿੰਨ ਨੌਜਵਾਨ, ਸਵੇਰੇ ਪੁਲਿਸ ਨੂੰ ਕੀਤੀ ਸੂਚਿਤ
ਪੀੜਤ ਪਰਿਵਾਰ ਨੇ ਸਵੇਰੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਫੁਟੇਜ ਸੌਂਪੀ। ਵੀਡੀਓ ਵਿੱਚ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਦਿਖ ਰਹੇ ਹਨ, ਜੋ ਘਰ ਦੇ ਸਾਹਮਣੇ ਰੁਕ ਕੇ ਰਾਉਂਡ ਚਲਾਉਂਦੇ ਹਨ ਅਤੇ ਤੁਰੰਤ ਮੌਕੇ ਤੋਂ ਨਿਕਲ ਜਾਂਦੇ ਹਨ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਦੀ ਪਹਿਚਾਣ ਜਲਦੀ ਹੋਵੇ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਵਿੱਚ ਬਣੀ ਦਹਿਸ਼ਤ ਦੂਰ ਹੋ ਸਕੇ।
ਪੁਲਸ ਵੱਲੋਂ ਪਰਚਾ ਦਰਜ, ਜਲਦੀ ਗ੍ਰਿਫ਼ਤਾਰੀਆਂ ਦਾ ਭਰੋਸਾ
ਡੀਐਸਪੀ ਮਜੀਠਾ ਮੁਤਾਬਕ, “ਸਾਨੂੰ ਇਤਲਾਹ ਮਿਲਦੇ ਹੀ ਅਸੀਂ ਤੁਰੰਤ ਮੌਕੇ ’ਤੇ ਪਹੁੰਚੇ। ਪਰਿਵਾਰ ਦੇ ਬਿਆਨ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

