ਧਮਕੀ ਮਿਲਣ ਮਗਰੋਂ ਤਿੰਨੋਂ ਗੇਟ ਸੀਲ, ਅਦਾਲਤੀ ਕੰਮਕਾਜ ਅਸਥਾਈ ਤੌਰ ’ਤੇ ਰੁਕਿਆ
ਚੰਡੀਗੜ੍ਹ :- ਲਗਾਤਾਰ ਮਿਲ ਰਹੀਆਂ ਬੰਬ ਧਮਕੀਆਂ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਨਿਸ਼ਾਨਾ ਬਣਾਉਣ ਦੀ ਧਮਕੀ ਮਿਲਣ ਤੋਂ ਬਾਅਦ ਹਾਈ ਕੋਰਟ ਕੰਪਲੈਕਸ ਵਿੱਚ ਤੁਰੰਤ ਅਲਰਟ ਜਾਰੀ ਕਰ ਦਿੱਤਾ ਗਿਆ। ਜਰੂਰੀ ਕਦਮਾਂ ਤਹਿਤ ਇਮਾਰਤ ਦੇ ਤਿੰਨੋਂ ਮੁੱਖ ਦਾਖ਼ਲਾ ਗੇਟ ਬੰਦ ਕਰਕੇ ਅੰਦਰ ਮੌਜੂਦ ਲੋਕਾਂ ਨੂੰ ਬਾਹਰ ਕੱਢਿਆ ਗਿਆ।
ਬੰਬ ਨਿਰੋਧਕ ਦਸਤੇ ਦੀ ਜਾਂਚ, ਡੌਗ ਸਕੁਐਡ ਵੱਲੋਂ ਕੋਰਟ ਇਮਾਰਤ ਦੀ ਖੰਗਾਲੀ
ਧਮਕੀ ਦੀ ਜਾਣਕਾਰੀ ਮਿਲਦੇ ਹੀ ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਨੂੰ ਮੌਕੇ ’ਤੇ ਬੁਲਾਇਆ ਗਿਆ। ਸੁਰੱਖਿਆ ਕਰਮਚਾਰੀਆਂ ਵੱਲੋਂ ਪੂਰੇ ਕੋਰਟ ਕੰਪਲੈਕਸ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਕਾਫ਼ੀ ਸਮੇਂ ਤੱਕ ਚੱਲੀ ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਾ ਹੋਣ ਤੋਂ ਬਾਅਦ ਸਥਿਤੀ ਨੂੰ ਸਧਾਰਣ ਘੋਸ਼ਿਤ ਕੀਤਾ ਗਿਆ।
ਪਹਿਲਾਂ ਵੀ ਕਈ ਅਹਿਮ ਥਾਵਾਂ ਨੂੰ ਮਿਲ ਚੁੱਕੀਆਂ ਨੇ ਧਮਕੀਆਂ
ਗੌਰਤਲਬ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਜ਼ਿਲ੍ਹਾ ਅਦਾਲਤ ਕੰਪਲੈਕਸ, ਸੈਕਟਰ-43 ਆਈਐਸਬੀਟੀ, ਸਕੱਤਰੇਤ ਅਤੇ ਕਈ ਸਕੂਲਾਂ ਨੂੰ ਬੰਬ ਧਮਾਕਿਆਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਲਗਾਤਾਰ ਆ ਰਹੀਆਂ ਅਜਿਹੀਆਂ ਧਮਕੀਆਂ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਧਮਕੀ ਦੇਣ ਵਾਲਿਆਂ ਦੀ ਪਛਾਣ ਕਰਨ ਲਈ ਤਕਨੀਕੀ ਸਹਾਇਤਾ ਵੀ ਲਈ ਜਾ ਰਹੀ ਹੈ।

