ਜਲੰਧਰ :- ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ‘ਤੇ ਪਿੰਡ ਮੂਣਕਾ ਫਾਟਕ ਦੇ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਕ ਟੂਰਿਸਟ ਬੱਸ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਈ, ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜਖ਼ਮੀ ਹੋ ਗਏ ਹਨ।
ਕਾਰ, ਐਕਟਿਵਾ ਅਤੇ ਟਰੈਕਟਰ ਵੀ ਟੱਕਰ ਦਾ ਸ਼ਿਕਾਰ
ਇਸ ਹਾਦਸੇ ਵਿੱਚ ਇੱਕ ਕਾਰ, ਐਕਟਿਵਾ ਅਤੇ ਟਰੈਕਟਰ ਵੀ ਟੱਕਰ ਦੀ ਚਪੇਟ ਵਿੱਚ ਆ ਗਏ। ਹਾਦਸੇ ਤੋਂ ਬਾਅਦ ਸਾਰੇ ਵਾਹਨ ਬੁਰੀ ਤਰ੍ਹਾਂ ਨੁਕਸਾਨੀ ਹੋ ਗਏ।
ਪ੍ਰਾਪਤ ਜਾਣਕਾਰੀ ਮੁਤਾਬਕ, ਟਰੈਕਟਰ ਸਵਾਰ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ। ਕਾਰ ਸਵਾਰਾਂ ਵਿੱਚ ਜਸਦੀਪ ਕੌਰ ਪਤਨੀ ਬਲਜੀਤ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਹਰਮਨ ਸਿੰਘ ਜਖ਼ਮੀ ਹੋਏ ਹਨ।
ਜਖ਼ਮੀਆਂ ਨੂੰ ਤੁਰੰਤ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਹਾਦਸੇ ਦੇ ਕਾਰਣਾਂ ਦੀ ਜਾਂਚ ਜਾਰੀ
ਫਿਲਹਾਲ ਇਹ ਹਾਦਸਾ ਕਿਹੜੇ ਹਾਲਾਤਾਂ ਵਿੱਚ ਵਾਪਰਿਆ, ਇਸ ਬਾਰੇ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੌਕੇ ‘ਤੇ ਡੀਐਸਪੀ ਟਾਂਡਾ ਸਮੇਤ ਹੋਰ ਪੁਲਸ ਅਧਿਕਾਰੀਆਂ ਨੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।