ਜਲੰਧਰ :- ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਸਥਿਤ ਐੱਨ.ਆਈ.ਟੀ. ਕਾਲਜ ਦੇ ਸਾਹਮਣੇ ਵੀਰਵਾਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਟਿੱਪਰ ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਭਿਆਨਕ ਟੱਕਰ ਵਿੱਚ ਜੰਮੂ ਦੀ ਰਹਿਣ ਵਾਲੀ ਨਗੀਨਾ ਨਾਮਕ ਔਰਤ ਦੀ ਮੌਤ ਹੋ ਗਈ, ਜਦਕਿ ਕਾਰ ਸਵਾਰ ਬਾਕੀ ਸਾਰੇ ਮੈਂਬਰ ਬਚ ਗਏ।
ਪਰਿਵਾਰ ਨਾਲ ਵਾਪਸ ਆ ਰਿਹਾ ਸੀ ਆਰਮੀ ਹਵਲਦਾਰ
ਪੁਲਿਸ ਅਧਿਕਾਰੀ ਏ.ਐੱਸ.ਆਈ. ਰਾਜਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਹਵਲਦਾਰ ਸੁਨੀਲ ਸਿੰਘ, ਜੋ ਕਿ ਆਰਮੀ ਵਿੱਚ ਤਾਇਨਾਤ ਹਨ, ਦੇ ਪਰਿਵਾਰ ਨਾਲ ਵਾਪਸ ਘਰ ਆਉਂਦੇ ਸਮੇਂ ਵਾਪਰਿਆ। ਉਨ੍ਹਾਂ ਨਾਲ ਪਤਨੀ ਸ਼ਾਲੂ, ਬੱਚੇ ਦਾਨਿਸ਼ ਤੇ ਨੰਦਿਨੀ, ਅਤੇ ਇੱਕ ਜਾਣ-ਪਛਾਣ ਵਾਲੀ ਨਗੀਨਾ ਵੀ ਕਾਰ ਵਿੱਚ ਮੌਜੂਦ ਸੀ।
ਬੱਚਿਆਂ ਦੀ ਲੋੜ ਕਾਰਨ ਰੋਕੀ ਕਾਰ, ਪਿੱਛੋਂ ਟਿੱਪਰ ਨੇ ਮਾਰੀ ਟੱਕਰ
ਜਦੋਂ ਕਾਰ ਐੱਨ.ਆਈ.ਟੀ. ਕਾਲਜ ਕੋਲ ਪਹੁੰਚੀ, ਤਦ ਬੱਚਿਆਂ ਵੱਲੋਂ ਬਾਥਰੂਮ ਜਾਣ ਦੀ ਲੋੜ ਕਾਰਨ ਹਵਲਦਾਰ ਸੁਨੀਲ ਸਿੰਘ ਨੇ ਗੱਡੀ ਸੜਕ ਦੇ ਕਿਨਾਰੇ ਲਗਾਈ। ਓਦੋਂ ਹੀ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਗੱਡੀ ਦੇ ਪਿਛਲੇ ਹਿੱਸੇ ਦੇ ਚਿੱਥੜੇ ਉੱਡ ਗਏ।
ਇਲਾਜ ਦੌਰਾਨ ਔਰਤ ਦੀ ਮੌਤ
ਟੱਕਰ ਨਾਲ ਕਾਰ ਵਿੱਚ ਮੌਜੂਦ ਨਗੀਨਾ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਈ, ਜਿਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਨਗੀਨਾ ਜੰਮੂ ਦੀ ਰਹਿਣ ਵਾਲੀ ਸੀ ਅਤੇ ਇੱਕ ਕੰਪਨੀ ਵਿੱਚ ਸਵੀਪਰ ਵਜੋਂ ਨੌਕਰੀ ਕਰਦੀ ਸੀ।
ਹਾਦਸੇ ਤੋਂ ਬਾਅਦ ਕਿਸੇ ਨੇ ਨਹੀਂ ਕੀਤੀ ਮਦਦ
ਹਵਲਦਾਰ ਦੀ ਪਤਨੀ ਸ਼ਾਲੂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਹਾਦਸੇ ਦੇ ਤੁਰੰਤ ਬਾਅਦ ਉਨ੍ਹਾਂ ਨੇ ਮਦਦ ਲਈ ਕਈ ਵਾਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਵੀ ਉਨ੍ਹਾਂ ਦੀ ਸਹਾਇਤਾ ਨਹੀਂ ਕੀਤੀ।
ਪੁਲਿਸ ਨੇ ਸ਼ੁਰੂ ਕੀਤੀ ਜਾਂਚ, ਡਰਾਈਵਰ ਫਰਾਰ
ਮਕਸੂਦਾਂ ਪੁਲਿਸ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਟਿੱਪਰ ਨੂੰ ਜ਼ਬਤ ਕਰ ਲਿਆ ਗਿਆ ਹੈ, ਜਦਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਉਸ ਦੇ ਖ਼ਿਲਾਫ਼ ਤੇਜ਼ ਰਫ਼ਤਾਰ ਅਤੇ ਲਾਪਰਵਾਹ ਡ੍ਰਾਇਵਿੰਗ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਜਾਰੀ ਹੈ।

